ਚੰਡੀਗੜ੍ਹ, 05 ਸਤੰਬਰ 2023: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸਤਰੀ ਵਿੰਗ ਦੇ ਸਰਪ੍ਰਸਤ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਅਧਿਆਪਕ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ `ਤੇ ਧਰਨਾ ਦੇ ਰਹੇ ਬੇਰੁਜ਼ਗਾਰ ਅਧਿਆਪਕਾਂ (unemployed teachers) ਨਾਲ ਪੁਲਿਸ ਵਲੋਂ ਕੀਤੀ ਗਈ ਖਿੱਚਧੂਹ ਦੀ ਸਖ਼ਤ ਨਿੰਦਾ ਕੀਤੀ ਹੈ।
ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਇਥੇ ਜਾਰੀ ਬਿਆਨ ਵਿਚ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਅਧਿਆਪਕ ਦਿਵਸ `ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਬਣਦੇ ਹੱਕ ਅਤੇ ਮਾਣ -ਇੱਜਤ ਦੇਣ ਦੀ ਗੱਲ ਆਖ ਰਹੇ ਹਨ ਅਤੇ ਦੂਜੇ ਪਾਸੇ ਬੇਰੁਜ਼ਗਾਰ ਅਧਿਆਪਕਾਂ `ਤੇ ਪੁਲਿਸ ਵੱਲੋਂ ਲਾਠੀਚਾਰਜ ਅਤੇ ਕੁੱਟਮਾਰ ਕਰਕੇ ਤਸ਼ਦੱਦ ਢਾਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਧਿਆਪਕਾਂ ਨਾਲ ਅਜਿਹੇ ਦੋਹਰੇ ਮਾਪਦੰਡ ਨਹੀ ਅਪਣਾਉਣੇ ਚਾਹੀਦੇ ਹਨ।
ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਧਿਆਪਕਾਂ ਦਾ ਕੋਈ ਵੱਖਰੇ ਤਰੀਕੇ ਨਾਲ ਸਾਨਮਾਨ ਨਹੀ ਕਰ ਰਹੇ। ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਵਿਚ ਵੀ ਅਧਿਆਪਕਾਂ (unemployed teachers) ਨੂੰ ਰਾਸ਼ਟਰਪਤੀ ਪੁਰਸਕਾਰ ਤੋਂ ਲੈਕੇ ਹੋਰ ਵੱਡੇ ਸਨਮਾਨਾਂ ਨਾਲ ਨਵਾਜਿਆ ਜਾਂਦਾ ਰਿਹਾ ਹੈ। ਬੀਬੀ ਗੁਲਸ਼ਨ ਨੇ ਮਾਨ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੂਬੇ ਭਰ ਵਿਚ ਟੈਂਕੀਆਂ `ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੱਕੀਆਂ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਅਤੇ ਭਗਵੰਤ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ `ਤੇ ਕਿਸੇ ਨੂੰ ਵੀ ਧਰਨੇ ਦੇਣ ਦੀ ਜਰੂਰਤ ਨਹੀ ਪਵੇਗੀ ਅਤੇ ਉਨ੍ਹਾਂ ਦੇ ਰਾਜ ਵਿਚ ਪੁਲਿਸ ਵੱਲੋਂ ਕਿਸੇ `ਤੇ ਵੀ ਲਾਠੀਚਾਰਜ ਜਾਂ ਹੋਰ ਤਸਦੱਦ ਨਹੀ ਢਾਹਿਆ ਜਾਵੇਗਾ।
ਬੀਬੀ ਗੁਲਸ਼ਨ ਨੇ ਕਿਹਾ ਕਿ ਮਾਨ ਸਰਕਾਰ ਨੂੰ ਬਣੇ ਅਜੇ ਕਰੀਬ ਢੇਡ ਸਾਲ ਹੀ ਹੋਇਆ ਹੈ ਅਤੇ ਆਏ ਦਿਨ ਬੇਰੁਜ਼ਗਾਰ ਅਧਿਆਪਕਾਂ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਤੰਗ ਕਰਕੇ ਸਰਕਾਰ ਜ਼ੁਲਮ ਢਾਹ ਰਹੀ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਅਧਿਆਪਕ ਆਪਣੀ ਜੁਆਇਨਿੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਬੀਬੀ ਗੁਲਸ਼ਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੇ ਦਿਨ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਜੁਆਇਨ ਕਰਵਾਕੇ ਅਧਿਆਪਕ ਦਿਵਸ ਦਾ ਤੋਹਫ਼ਾ ਤਾਂ ਕੀ ਦੇਣਾ ਸੀ ਉਲਟਾ ਆਪਣੀਆਂ ਮੰਗਾਂ ਲਈ ਧਰਨੇ `ਤੇ ਬੈਠੇ ਇਨ੍ਹਾਂ ਅਧਿਆਪਕਾਂ ਦੀ ਖਿੱਚਧੂਹ ਕਰਕੇ ਤਾਨਾਸ਼ਾਹ ਅਤੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।