ਐੱਸ.ਏ.ਐੱਸ.ਨਗਰ, 2 ਦਸੰਬਰ, 2023: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਆਦਰਸ਼ਪਾਲ ਕੌਰ ਦੇ ਮਾਰਗਦਰਸ਼ਨ ਹੇਠ ‘ਹਰ ਸ਼ੁੱਕਰਵਾਰ ਡੇਂਗੂ (Dengue) ‘ਤੇ ਵਾਰ’ ਮੁਹਿੰਮ ਤਹਿਤ ਮੋਹਾਲੀ ਦੇ ਫੇਸ 3ਬੀ1 ਵਿਖੇ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ-ਕਰਮਚਾਰੀਆਂ ਨਾਲ ਮਿਲਕੇ ਡੇਂਗੂ ਤੋਂ ਬਚਾਅ ਲਈ ਘਰ-ਘਰ ਮੱਛਰ ਦਾ ਲਾਰਵਾ ਚੈਕ ਕੀਤਾ।
ਸਟੇਟ ਪ੍ਰੋਗਰਾਮ ਅਫ਼ਸਰ ਡਾ. ਅਰਸ਼ਦੀਪ ਕੌਰ, ਜਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼, ਸਟੇਟ ਐਂਟੋਮੋਲੋਜਿਸਟ ਨਿਜਾਤਇੰਦਰ ਸਿੰਘ, ਅਸਿਸਟੈਂਟ ਪ੍ਰੋਗਰਾਮ ਅਫ਼ਸਰ ਬਲਜੀਤ ਕੌਰ, ਪ੍ਰੇਮ ਸਰੂਪ ਸ਼ਰਮਾ, ਪ੍ਰਿਤਪਾਲ ਸਿੰਘ ਸਮੇਤ ਸਿਹਤ ਵਿਭਾਗ ਦੀ ਟੀਮ ਨੇ ਚੈਕਿੰਗ ਕਰਕੇ ਕਈ ਥਾਵਾਂ ਉਤੇ ਮੱਛਰਾਂ ਦਾ ਲਾਰਵਾ ਪਾਇਆ ਅਤੇ ਇਸਨੂੰ ਨਸ਼ਟ ਕਰਵਾਇਆ।
ਟੀਮਾਂ ਨੇ ਘਰ-ਘਰ ਜਾ ਕੇ ਡੇਂਗੂ (Dengue) ਮੱਛਰ ਦੇ ਲਾਰਵੇ ਦੇ ਹੌਟਸਪੌਟਸ ਦਾ ਨਿਰੀਖਣ ਕੀਤਾ, ਜਿਨ੍ਹਾਂ ਵਿਚ ਕੂਲਰ, ਫਰਿਜ਼ਾਂ ਦੇ ਪਿੱਛੇ ਟਰੇਆਂ, ਗਮਲਿਆਂ ਹੇਠ ਰੱਖੀਆਂ ਟਰੇਆਂ, ਪੰਛੀਆਂ ਵਾਸਤੇ ਪਾਣੀ ਨਾਲ ਭਰੇ ਭਾਂਡੇ ਅਤੇ ਖੁੱਲ੍ਹੇ ਵਿੱਚ ਪਏ ਬਰਤਨ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਦਿਵਾਲੀ ਤੇ ਗੁਰਪੁਰਬ ਮੌਕੇ ਬਾਲੇ ਦੀਵਿਆਂ ਵਿਚ ਵੀ ਪਿਛਲੇ ਦਿਨੀਂ ਪਏ ਮੀਂਹ ਦਾ ਪਾਣੀ ਖੜ੍ਹਾ ਹੈ, ਜਿਸ ਵਿਚ ਮੱਛਰ ਦਾ ਲਾਰਵਾ ਪੈਦਾ ਹੋ ਸਕਦਾ ਹੈ, ਇਸ ਲਈ ਦੀਵੇ ਹਟਾਉਣ ਅਤੇ ਇੰਨਾਂ ਦਾ ਪਾਣੀ ਡੋਲਕੇ ਪਾਸੇ ਰੱਖਣ ਬਾਰੇ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਿਹਤ ਵਿਭਾਗ ਵਲੋਂ ਐਜੂਸੈਟ ਪ੍ਰੋਗਰਾਮ ਉਪਰ 3000 ਸਕੂਲਾਂ ਦੇ 10 ਲੱਖ ਦੇ ਕਰੀਬ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ ਹੈ। ਨੌਂਵੀ ਤੋਂ ਬਾਰ੍ਹਵੀਂ ਦੇ ਬੱਚਿਆਂ ਨੂੰ ਘਰ-ਘਰ ਜਾ ਕੇ ਡੇਂਗੂ ਮੱਛਰ ਦਾ ਲਾਰਵਾ ਚੈਕ ਕਰਨ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ।