ਮੋਹਾਲੀ, 26 ਸਤੰਬਰ 2025: ਪੰਜਾਬ ਸਰਕਾਰ ਮੁਤਾਬਕ ਬਹੁ-ਰਾਸ਼ਟਰੀ ਆਈ.ਟੀ. ਕੰਪਨੀ ਇਨਫੋਸਿਸ ਲਿਮਟਿਡ ਨੇ ਮੋਹਾਲੀ ‘ਚ ਆਪਣੇ ਕਾਰੋਬਾਰ ਦਾ ਵਿਸਤਾਰ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਮੋਹਾਲੀ ‘ਚ ਲਗਭਗ 300 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੈਬਿਨਟ ਮੰਤਰੀ ਸੰਜੀਵ ਅਰੋੜਾ ਮੁਤਾਬਕ ਇਸ ਨਿਵੇਸ਼ ਨਾਲ ਨਾ ਸਿਰਫ਼ ਪੰਜਾਬ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇਗੀ, ਬਲਕਿ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਵੀ ਪ੍ਰਾਪਤ ਹੋਣਗੇ।
ਪੰਜਾਬ ਸਰਕਾਰ ਦਾ ਅਨੁਮਾਨ ਹੈ ਕਿ ਇਸ ਪ੍ਰੋਜੈਕਟ ਨਾਲ 2,500 ਸਿੱਧੇ ਰੁਜ਼ਗਾਰ ਅਤੇ 210 ਅਸਿੱਧੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਇਨਫੋਸਿਸ ਲਿਮਟਿਡ ਸਾਲ 2017 ਤੋਂ ਮੋਹਾਲੀ ‘ਚ ਕੰਮ ਕਰ ਰਹੀ ਹੈ ਅਤੇ ਫਿਲਹਾਲ ਲਗਭੱਗ 900 ਕਰਮਚਾਰੀ ਇੱਥੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਕੰਪਨੀ ਹੁਣ ਆਪਣੇ ਕਾਰੋਬਾਰ ਦਾ ਦਾਇਰਾ ਵਧਾਉਂਦੇ ਹੋਏ ਸਥਾਨਕ ਨੌਜਵਾਨਾਂ ਅਤੇ ਪੇਸ਼ੇਵਰਾਂ ਨੂੰ ਹੋਰ ਮੌਕੇ ਪ੍ਰਦਾਨ ਕਰੇਗੀ।
ਉਨ੍ਹਾਂ ਕਿਹਾ ਕਿ ਸੂਬੇ ਨੂੰ ਉਦਯੋਗਾਂ ਲਈ ਇੱਕ ਆਕਰਸ਼ਕ ਮੰਜ਼ਿਲ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਸਥਾਨਕ ਪ੍ਰਤਿਭਾਵਾਂ ਨੂੰ ਪਹਿਲ ਦੇਣ ਨਾਲ ਨਾ ਸਿਰਫ਼ ਰੁਜ਼ਗਾਰ ਵਧੇਗਾ, ਬਲਕਿ ਲਗਾਤਾਰ ਅਤੇ ਸੰਤੁਲਿਤ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ।
ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਦੇ ਪਹਿਲੇ ਪੜਾਅ ‘ਚ ਇਨਫੋਸਿਸ ਲਗਭਗ 3,00,000 ਵਰਗ ਫੁੱਟ ਉਸਾਰੀ ਖੇਤਰ ‘ਚ ਅਤਿ-ਆਧੁਨਿਕ ਦਫ਼ਤਰ ਅਤੇ ਸਹਾਇਕ ਇਮਾਰਤਾਂ ਦਾ ਵਿਸਤਾਰ ਕਰੇਗੀ। ਇਸ ਉਸਾਰੀ ਦੀ ਸਭ ਤੋਂ ਖਾਸ ਗੱਲ ਇਹ ਹੋਵੇਗੀ ਕਿ ਇਹ ਪੂਰੀ ਤਰ੍ਹਾਂ ਵਾਤਾਵਰਣ-ਅਨੁਕੂਲ ਹੋਵੇਗੀ ਅਤੇ ਇਸ ਨੂੰ ਲੀਡ ਪਲੈਟੀਨਮ ਸਰਟੀਫਿਕੇਟ ਮਿਲੇਗਾ, ਜੋ ਗ੍ਰੀਨ ਬਿਲਡਿੰਗ ਲਈ ਸਰਵਉੱਚ ਮਾਪਦੰਡ ਹੈ।
ਇਸ ਪੜਾਅ ਦਾ ਨਿਰਮਾਣ ਕਾਰਜ ਆਉਣ ਵਾਲੀ 5 ਨਵੰਬਰ ਨੂੰ ਗੁਰਪੁਰਬ ਦੇ ਸ਼ੁਭ ਮੌਕੇ ‘ਤੇ ਸ਼ੁਰੂ ਕੀਤਾ ਜਾਵੇਗਾ। ਅਨੁਮਾਨ ਹੈ ਕਿ ਸਾਰੀਆਂ ਨਿਯਮਤ ਪ੍ਰਵਾਨਗੀਆਂ ਮਿਲਣ ਤੋਂ ਬਾਅਦ ਤਿੰਨ ਸਾਲਾਂ ਵਿੱਚ ਇਹ ਪੜਾਅ ਪੂਰਾ ਹੋ ਜਾਵੇਗਾ। ਇਹ ਸਿਰਫ਼ ਇਮਾਰਤ ਦੀ ਉਸਾਰੀ ਨਹੀਂ, ਬਲਕਿ ਪੰਜਾਬ ‘ਚ ਹਰੀ ਵਿਕਾਸ ਅਤੇ ਆਧੁਨਿਕ ਤਕਨੀਕੀ ਬੁਨਿਆਦੀ ਢਾਂਚੇ ਦੀ ਦਿਸ਼ਾ ‘ਚ ਇੱਕ ਅਹਿਮ ਕਦਮ ਹੋਵੇਗਾ।
ਇਸ ਤੋਂ ਬਾਅਦ ਦੂਜੇ ਪੜਾਅ ‘ਚ ਕੰਪਨੀ ਲਗਭਗ 4,80,000 ਵਰਗ ਫੁੱਟ ਖੇਤਰ ‘ਚ ਹੋਰ ਵਿਸਤਾਰ ਕਰੇਗੀ। ਇਸ ਪੜਾਅ ਦੀ ਅਨੁਮਾਨਿਤ ਸਮਾਂ-ਸੀਮਾ ਪੰਜ ਸਾਲ ਹੈ। ਇਹ ਕਾਰਜ ਪਹਿਲੇ ਪੜਾਅ ਦੀ ਪੂਰਤੀ ਅਤੇ ਸਾਰੀਆਂ ਜ਼ਰੂਰੀ ਕਾਨੂੰਨੀ ਅਤੇ ਨਿਯਮਤ ਮਨਜ਼ੂਰੀਆਂ ਤੋਂ ਬਾਅਦ ਹੀ ਸ਼ੁਰੂ ਹੋਵੇਗਾ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਵਿਕਾਸ ਯੋਜਨਾਵਾਂ ਕ੍ਰਮਬੱਧ, ਪਾਰਦਰਸ਼ੀ ਅਤੇ ਲੰਬੇ ਸਮੇਂ ਲਈ ਲਾਭਕਾਰੀ ਹੋਣ। ਇਸ ਦੋ-ਪੜਾਵੀ ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ ਮੋਹਾਲੀ ਨਾ ਸਿਰਫ਼ ਪੰਜਾਬ, ਬਲਕਿ ਪੂਰੇ ਉੱਤਰ ਭਾਰਤ ਲਈ ਆਈ.ਟੀ. ਅਤੇ ਸੇਵਾ ਖੇਤਰ ਦਾ ਨਵਾਂ ਕੇਂਦਰ ਬਣ ਕੇ ਉੱਭਰੇਗਾ।
ਉਨ੍ਹਾਂ ਕਿਹਾ ਕਿ ਇਨਫੋਸਿਸ ਲਿਮਟਿਡ ਨੇ ਕੰਪਨੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪ੍ਰਸਤਾਵਿਤ ਵਿਕਾਸ ਕਾਰਜ ਸਮੇਂ ਸਿਰ ਪੂਰੇ ਕੀਤੇ ਜਾਣਗੇ। ਇਸਦੇ ਨਾਲ ਹੀ, ਇਸ ਪ੍ਰੋਜੈਕਟ ਰਾਹੀਂ ਸੂਬੇ ਦੇ ਨੌਜਵਾਨਾਂ ਨੂੰ ਆਲਮੀ ਪੱਧਰ ‘ਤੇ ਮੁਕਾਬਲਾ ਕਰਨ ਦੇ ਮੌਕੇ ਮਿਲਣਗੇ।
Read More: CM ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਦੋਸ਼ਾਂ ਦਾ ਦਿੱਤਾ ਜਵਾਬ, ਫੰਡ ‘ਤੇ ਆਖੀ ਇਹ ਗੱਲ