July 2, 2024 7:30 pm
Uzbekistan

ਮਾਸਕੋ ਤੋਂ ਗੋਆ ਆ ਰਹੀ ਚਾਰਟਰਡ ਫਲਾਈਟ ‘ਚ ਬੰਬ ਹੋਣ ਦੀ ਸੂਚਨਾ, ਉਜ਼ਬੇਕਿਸਤਾਨ ਵੱਲ ਕੀਤਾ ਡਾਈਵਰਟ

ਚੰਡੀਗੜ੍ਹ 21 ਜਨਵਰੀ 2023: ਰੂਸ ਦੀ ਰਾਜਧਾਨੀ ਮਾਸਕੋ ਤੋਂ ਗੋਆ ਆ ਰਹੀ ਇੱਕ ਚਾਰਟਰਡ ਫਲਾਈਟ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਹੈ। ਇਸ ਤੋਂ ਬਾਅਦ ਜਹਾਜ਼ ਨੂੰ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ। ਪੁਲਿਸ ਮੁਤਾਬਕ ਜਹਾਜ਼ ‘ਚ 240 ਯਾਤਰੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਫਲਾਈਟ ਨੇ ਸਵੇਰੇ 4.15 ਵਜੇ ਦੱਖਣੀ ਗੋਆ ਦੇ ਦਾਬੋਲਿਮ ਹਵਾਈ ਅੱਡੇ ‘ਤੇ ਉਤਰਨਾ ਸੀ। ਦੱਸਿਆ ਗਿਆ ਹੈ ਕਿ ਜਹਾਜ਼ ‘ਚ ਯਾਤਰੀਆਂ ਤੋਂ ਇਲਾਵਾ ਜਹਾਜ਼ ਚਾਲਕ ਦਲ ਦੇ ਸੱਤ ਮੈਂਬਰ ਵੀ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਅਜ਼ੂਰ ਏਅਰ ਦੁਆਰਾ ਸੰਚਾਲਿਤ ਉਡਾਣ AZV2463 ਨੂੰ ਭਾਰਤੀ ਹਵਾਈ ਖੇਤਰ ਵਿੱਚ ਪਹੁੰਚਣ ਤੋਂ ਪਹਿਲਾਂ ਮੋੜ ਦਿੱਤਾ ਗਿਆ ਸੀ। ਅਧਿਕਾਰੀਆਂ ਮੁਤਾਬਕ ਦਾਬੋਲਿਮ ਹਵਾਈ ਅੱਡੇ ਦੇ ਡਾਇਰੈਕਟਰ ਨੂੰ ਕਰੀਬ 12.30 ਵਜੇ ਇੱਕ ਈਮੇਲ ਰਾਹੀਂ ਇਸ ਉਡਾਣ ਵਿੱਚ ਬੰਬ ਹੋਣ ਦੀ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਹੀ ਜਹਾਜ਼ ਨੂੰ ਮੋੜ ਦਿੱਤਾ ਗਿਆ।

ਇਸਦੇ ਚੱਲਦੇ ਵਾਸਕੋ ਦੇ ਡਿਪਟੀ ਐਸਪੀ ਸਲੀਮ ਸ਼ੇਖ ਦੇ ਅਨੁਸਾਰ, ਬੰਬ ਅਤੇ ਡੋਗ ਸਕੁਐਡ ਦੇ ਨਾਲ ਗੋਆ ਪੁਲਿਸ, ਕਵਿੱਕ ਰਿਸਪਾਂਸ ਟੀਮ (ਕਿਊਆਰਟੀ) ਅਤੇ ਐਂਟੀ ਟੈਰੋਰਿਜ਼ਮ ਸਕੁਐਡ (ਏਟੀਐਸ) ਨੂੰ ਸਾਵਧਾਨੀ ਵਜੋਂ ਤਾਇਨਾਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਦੋ ਹਫ਼ਤੇ ਪਹਿਲਾਂ ਵੀ ਮਾਸਕੋ ਤੋਂ ਗੋਆ ਆ ਰਹੀ ਅਜ਼ੂਰ ਏਅਰਲਾਈਨਜ਼ ਦੀ ਇੱਕ ਫਲਾਈਟ ਵਿੱਚ ਬੰਬ ਰੱਖੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਗੁਜਰਾਤ ਦੇ ਜਾਮਨਗਰ ‘ਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ । ਹਾਲਾਂਕਿ ਫਿਰ ਬੰਬ ਦੀ ਜਾਣਕਾਰੀ ਫਰਜ਼ੀ ਨਿਕਲੀ।