ਇੰਦੌਰ 02 ਜਨਵਰੀ, 2026: ਇੰਦੌਰ ‘ਚ ਦੂਸ਼ਿਤ ਪਾਣੀ ਪੀਣ ਕਾਰਨ 15 ਜਣਿਆਂ ਦੀ ਮੌਤ ਅਤੇ 200 ਤੋਂ ਵੱਧ ਜਣਿਆਂ ਦੇ ਹਸਪਤਾਲ ‘ਚ ਭਰਤੀ ਹੋਣ ਕਾਰਨ ਸ਼ਹਿਰ ‘ਚ ਹੜਕੰਪ ਮਚ ਗਿਆ ਹੈ। ਕਈ ਹੋਰ ਲੋਕ ਵੀ ਬਿਮਾਰ ਹੋ ਗਏ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੱਧ ਪ੍ਰਦੇਸ਼ ਸਰਕਾਰ ਨੇ ਇੱਕ ਉੱਚ ਪੱਧਰੀ ਜਾਂਚ ਟੀਮ ਬਣਾਈ ਹੈ। ਮੁੱਖ ਮੰਤਰੀ ਮੋਹਨ ਯਾਦਵ ਨੇ ਇਸ ਗੰਭੀਰ ਘਟਨਾ ਬਾਰੇ ਇੰਦੌਰ ਨਗਰ ਨਿਗਮ ਕਮਿਸ਼ਨਰ ਤੋਂ ਜਵਾਬ ਮੰਗੇ ਹਨ। ਇਸ ਦੌਰਾਨ, ਸਾਬਕਾ ਵਿਧਾਇਕ ਆਕਾਸ਼ ਵਿਜੇਵਰਗੀਆ ਨੇ ਸਾਜ਼ਿਸ਼ ਦਾ ਸ਼ੱਕ ਪ੍ਰਗਟ ਕੀਤਾ ਹੈ।
ਇਸ ਦੌਰਾਨ, ਮੁੱਖ ਮੰਤਰੀ ਮੋਹਨ ਯਾਦਵ ਨੇ ਸੋਸ਼ਲ ਮੀਡੀਆ ‘ਤੇ ਇਸ ਘਟਨਾ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਅੱਜ ਸਵੇਰੇ ਉਨ੍ਹਾਂ ਨੇ ਮੁੱਖ ਸਕੱਤਰ ਅਤੇ ਹੋਰ ਅਧਿਕਾਰੀਆਂ ਨਾਲ ਇੰਦੌਰ ‘ਚ ਦੂਸ਼ਿਤ ਪੀਣ ਵਾਲੇ ਪਾਣੀ ਦੇ ਮੁੱਦੇ ਬਾਰੇ ਸੂਬਾ ਸਰਕਾਰ ਦੀਆਂ ਕਾਰਵਾਈਆਂ ਦੀ ਸਮੀਖਿਆ ਕੀਤੀ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਵਧੀਕ ਮੁੱਖ ਸਕੱਤਰ (ਸ਼ਹਿਰੀ ਪ੍ਰਸ਼ਾਸਨ ਅਤੇ ਵਿਕਾਸ) ਦੁਆਰਾ ਪੇਸ਼ ਕੀਤੀ ਰਿਪੋਰਟ ‘ਤੇ ਵੀ ਚਰਚਾ ਕੀਤੀ।
ਇਸ ਘਟਨਾ ਸਬੰਧੀ ਇੰਦੌਰ ਨਗਰ ਨਿਗਮ ਕਮਿਸ਼ਨਰ ਦਿਲੀਪ ਯਾਦਵ ਅਤੇ ਵਧੀਕ ਕਮਿਸ਼ਨਰ ਰੋਹਿਤ ਸਿਸੋਨੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਵਧੀਕ ਕਮਿਸ਼ਨਰ ਸਿਸੋਨੀਆ ਨੂੰ ਤੁਰੰਤ ਇੰਦੌਰ ਤੋਂ ਹਟਾ ਦਿੱਤਾ ਹੈ ਅਤੇ ਸੁਪਰਡੈਂਟ ਇੰਜੀਨੀਅਰ ਇੰਚਾਰਜ ਸੰਜੀਵ ਸ਼੍ਰੀਵਾਸਤਵ ਨੂੰ ਜਲ ਵੰਡ ਵਿਭਾਗ ਦੇ ਕਾਰਜਭਾਰ ਤੋਂ ਮੁਕਤ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਇੰਦੌਰ ਨਗਰ ਨਿਗਮ ‘ਚ ਜ਼ਰੂਰੀ ਅਹੁਦੇ ਤੁਰੰਤ ਭਰੇ ਜਾਣ।
ਘਟਨਾ ਦੀ ਜਾਂਚ ਵੱਖ-ਵੱਖ ਪੱਧਰਾਂ ‘ਤੇ ਜਾਰੀ ਹੈ। ਪ੍ਰਸ਼ਾਸਨ ਅਤੇ ਸਰਕਾਰ ਦੁਆਰਾ ਬਣਾਈਆਂ ਗਈਆਂ ਟੀਮਾਂ ਦੀਆਂ ਰਿਪੋਰਟਾਂ ਪ੍ਰਾਪਤ ਹੋਣ ਤੋਂ ਬਾਅਦ ਹੀ ਮੌਤਾਂ ਦੇ ਕਾਰਨ ਸਪੱਸ਼ਟ ਹੋਣ ਦੀ ਉਮੀਦ ਹੈ।
Read More: Indore News: ਇੰਦੌਰ ‘ਚ ਦੂਸ਼ਿਤ ਤੇ ਜ਼ਹਿਰੀਲੇ ਪਾਣੀ ਨੇ ਉਜਾੜੇ ਕਈਂ ਪਰਿਵਾਰ, ਹੁਣ ਤੱਕ 15 ਮੌ.ਤਾਂ




