ਚੰਡੀਗੜ੍ਹ, 27 ਮਾਰਚ 2023: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਦੌਰ ‘ਚ ਖੇਡੇ ਗਏ ਤੀਜੇ ਟੈਸਟ ਮੈਚ ਦੀ ਪਿੱਚ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ‘ਮਾੜੀ’ ਪਿੱਚਾਂ (Pitch) ਦੀ ਸ਼੍ਰੇਣੀ ‘ਚ ਰੱਖਿਆ ਸੀ। ਇਸ ਤੋਂ ਬਾਅਦ ਬੀਸੀਸੀਆਈ ਨੇ 14 ਮਾਰਚ ਨੂੰ ਇਸ ਫੈਸਲੇ ਖ਼ਿਲਾਫ਼ ਅਪੀਲ ਕੀਤੀ ਸੀ। ਹੁਣ ਬੀਬੀਸੀਆਈ ਦੀ ਅਪੀਲ ‘ਤੇ ਆਈਸੀਸੀ ਨੇ ਪਿੱਚ ਦੀ ਰੇਟਿੰਗ ‘ਚ ਬਦਲਾਅ ਕਰਕੇ ਨਵਾਂ ਫੈਸਲਾ ਦਿੱਤਾ ਹੈ। ਆਈਸੀਸੀ ਨੇ ਇੰਦੌਰ ਦੇ ਹੋਲਕਰ ਸਟੇਡੀਅਮ ਦੀ ਪਿੱਚ ਰੇਟਿੰਗ ਨੂੰ ‘ਮਾੜੀ’ ਤੋਂ ‘ਔਸਤ ਤੋਂ ਹੇਠ’ ਕਰ ਦਿੱਤਾ ਹੈ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਦਾ ਤੀਜਾ ਟੈਸਟ ਇੰਦੌਰ ‘ਚ ਤਿੰਨ ਦਿਨਾਂ ਦੇ ਅੰਦਰ ਖ਼ਤਮ ਹੋ ਗਿਆ। ਆਈਸੀਸੀ ਪਿੱਚ ਅਤੇ ਆਊਟਫੀਲਡ ਨਿਗਰਾਨੀ ਪ੍ਰਕਿਰਿਆ ਦੇ ਤਹਿਤ ਇੰਦੌਰ ਦੀ ਪਿੱਚ (Pitch) ਨੂੰ ਖ਼ਰਾਬ ਦਰਜਾ ਦਿੱਤਾ ਗਿਆ ਸੀ। ਦੋਵੇਂ ਟੀਮਾਂ ਦੇ ਸਪਿਨਰਾਂ ਨੂੰ ਪਹਿਲੇ ਦਿਨ ਦੀ ਸ਼ੁਰੂਆਤ ਤੋਂ ਹੀ ਸਪਿੰਨ ਦੇ ਅਨੁਕੂਲ ਸਤ੍ਹਾ ਨੇ ਕਾਫੀ ਮਦਦ ਕੀਤੀ। ਪਹਿਲੇ ਦਿਨ 14 ‘ਚੋਂ 13 ਵਿਕਟਾਂ ਸਪਿਨਰਾਂ ਨੇ ਲਈਆਂ ਸਨ।
ਪੂਰੇ ਮੈਚ ਦੌਰਾਨ ਡਿੱਗੀਆਂ 31 ਵਿਕਟਾਂ ‘ਚੋਂ 26 ਸਪਿਨਰਾਂ ਨੇ ਲਈਆਂ, ਜਦਕਿ ਸਿਰਫ ਚਾਰ ਤੇਜ਼ ਗੇਂਦਬਾਜ਼ਾਂ ਦੇ ਹਿੱਸੇ ਆਈਆਂ ਸਨ । ਇੱਕ ਬੱਲੇਬਾਜ਼ ਰਨ ਆਊਟ ਹੋਇਆ। ਇਸ ਟੈਸਟ ਵਿੱਚ ਆਸਟਰੇਲੀਆ ਨੇ ਸਟੀਵ ਸਮਿਥ ਦੀ ਕਪਤਾਨੀ ਵਿੱਚ ਭਾਰਤ ਨੂੰ ਹਰਾਇਆ ਸੀ। ਇਸ ਜਿੱਤ ਨਾਲ ਆਸਟਰੇਲੀਆ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਹਾਲਾਂਕਿ ਭਾਰਤੀ ਟੀਮ ਨੇ ਚਾਰ ਮੈਚਾਂ ਦੀ ਟੈਸਟ ਸੀਰੀਜ਼ 2-1 ਨਾਲ ਜਿੱਤ ਲਈ ਹੈ। ਅਹਿਮਦਾਬਾਦ ਵਿੱਚ ਖੇਡਿਆ ਗਿਆ ਆਖਰੀ ਟੈਸਟ ਡਰਾਅ ਰਿਹਾ ਸੀ।
ਆਈਸੀਸੀ ਇਨ੍ਹਾਂ ਪੰਜ ਆਧਾਰਾਂ ‘ਤੇ ਪਿੱਚਾਂ ਨੂੰ ਦਰਸਾਉਂਦੀ ਹੈ :
ਬਹੁਤ ਅੱਛਾ (Very Good)
ਚੰਗਾ (Good)
ਔਸਤ (Average)
ਔਸਤ ਤੋਂ ਹੇਠ (Below Average)
ਗਰੀਬ (Poor)
ਅਯੋਗ (Unfit)
ਹੋਲਕਰ ਸਟੇਡੀਅਮ ਨੂੰ ਆਈਸੀਸੀ ਨੇ ਤਿੰਨ ਡੀਮੈਰਿਟ ਅੰਕ ਦਿੱਤੇ ਸਨ। ਪ੍ਰੀਸ਼ਦ ਨੇ ਇਹ ਫੈਸਲਾ ਮੈਚ ਰੈਫਰੀ ਕ੍ਰਿਸ ਬ੍ਰਾਡ ਨੂੰ ਪਿੱਚ ਬਾਰੇ ਰਿਪੋਰਟ ਸੌਂਪਣ ਅਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ, ਆਸਟਰੇਲੀਆਈ ਕਪਤਾਨ ਸਟੀਵ ਸਮਿਥ ਨਾਲ ਗੱਲ ਕਰਨ ਤੋਂ ਬਾਅਦ ਲਿਆ। ਇਸ ਤੋਂ ਬਾਅਦ ਬੀਸੀਸੀਆਈ ਨੇ ਆਈਸੀਸੀ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ।