ਇੰਦੌਰ, 09 ਜੂਨ 2025: Indore couple: ਲੰਮੇ ਸਮੇ ਤੋਂ ਲਾਪਤਾ ਇੰਦੌਰ ਦੇ ਜੋੜੇ ਦੇ ਮਾਮਲੇ ‘ਚ ਵੱਡਾ ਖ਼ੁਲਾਸਾ ਹੋਇਆ ਹੈ | ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ ਦੀ ਪਤਨੀ ਸੋਨਮ 17 ਦਿਨਾਂ ਬਾਅਦ ਯੂਪੀ ਦੇ ਗਾਜ਼ੀਪੁਰ ਦੇ ਇੱਕ ਢਾਬੇ ‘ਤੇ ਮਿਲੀ। ਇਸ ਤੋਂ ਬਾਅਦ ਮੇਘਾਲਿਆ ਦੇ ਡੀਜੀਪੀ ਆਈ ਨੋਂਗਰਾਂਗ ਨੇ ਦਾਅਵਾ ਕੀਤਾ ਕਿ ਉਸਦੀ ਪਤਨੀ (ਸੋਨਮ) ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਪੇਸ਼ੇਵਰ ਕਾਤਲਾਂ ਨੂੰ ਕਿਰਾਏ ‘ਤੇ ਲਿਆ ਸੀ।
ਇਸ ਤੋਂ ਪਹਿਲਾਂ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਐਕਸ ਪੋਸਟ ‘ਚ ਜਾਣਕਾਰੀ ਦਿੱਤੀ ਸੀ ਕਿ ਵਾਰਦਾਤ ‘ਚ ਸ਼ਾਮਲ 3 ਹਮਲਾਵਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਮਲਾਵਰ ਮੱਧ ਪ੍ਰਦੇਸ਼ ਦੇ ਹਨ। ਪੁਲਿਸ ਇੱਕ ਹੋਰ ਹਮਲਾਵਰ ਦੀ ਭਾਲ ਕਰ ਰਹੀ ਹੈ।
ਦੂਜੇ ਪਾਸੇ ਸੋਨਮ ਦੇ ਪਿਤਾ ਨੇ ਸਪੱਸ਼ਟ ਤੌਰ ‘ਤੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਸਦੀ ਧੀ ਨੇ ਆਪਣੇ ਪਤੀਦਾ ਕਤਲ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੀ ਧੀ ਬੇਕਸੂਰ ਹੈ। ਮੇਘਾਲਿਆ ਪੁਲਿਸ ਨੇ ਉਸਨੂੰ ਫਸਾਉਣ ਲਈ ਇੱਕ ਝੂਠੀ ਕਹਾਣੀ ਘੜੀ ਹੈ।
ਗਾਜ਼ੀਪੁਰ ਦੇ ਉਸ ਢਾਬੇ ਦੇ ਮਾਲਕ ਸਾਹਿਲ ਯਾਦਵ, ਜਿੱਥੇ ਸੋਨਮ ਐਤਵਾਰ ਰਾਤ 1 ਵਜੇ ਪਹੁੰਚੀ, ਨੇ ਕਿਹਾ ‘ਸੋਨਮ ਮੇਰੇ ਕੋਲ ਘਬਰਾਹਟ ‘ਚ ਆਈ ਅਤੇ ਉਹ ਰੋ ਰਹੀ ਸੀ। ਉਨ੍ਹਾਂ ਨੇ ਮੇਰਾ ਮੋਬਾਈਲ ਮੰਗਿਆ ਅਤੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਗੱਲ ਕਰਨਾ ਚਾਹੁੰਦੀ ਹੈ। ਉਹ ਫੋਨ ‘ਤੇ ਰੋਣ ਲੱਗ ਪਈ। ਢਾਬੇ ‘ਤੇ ਮੌਜੂਦ ਇੱਕ ਪਰਿਵਾਰ ਦੀ ਇੱਕ ਔਰਤ ਨੇ ਉਸਨੂੰ ਦਿਲਾਸਾ ਦਿੱਤਾ। । ਇਸ ਦੌਰਾਨ, ਸੋਨਮ ਦੇ ਭਰਾ ਨੇ ਮੇਰੇ ਮੋਬਾਈਲ ‘ਤੇ ਮੈਨੂੰ ਫ਼ੋਨ ਕੀਤਾ।
ਗਾਜ਼ੀਪੁਰ ਦੇ ਐਸਪੀ ਡਾ. ਇਰਾਜ ਰਾਜਾ ਨੇ ਕਿਹਾ, ‘ਗਸ਼ਤ ਦੌਰਾਨ, ਪੁਲਿਸ ਵਾਲਿਆਂ ਨੇ ਨੰਦਗੰਜ ਦੇ ਕਾਸ਼ੀ ਢਾਬੇ ‘ਤੇ ਇੱਕ ਔਰਤ ਨੂੰ ਬੇਹੋਸ਼ ਪਈ ਦੇਖਿਆ। ਪੁਲਿਸ ਪੁੱਛਗਿੱਛ ਤੋਂ ਪੁਸ਼ਟੀ ਹੋਈ ਕਿ ਇਹ ਉਹੀ ਸੋਨਮ ਰਘੂਵੰਸ਼ੀ ਹੈ, ਜੋ ਆਪਣੇ ਪਤੀ ਰਾਜਾ ਰਘੂਵੰਸ਼ੀ ਨਾਲ ਸ਼ਿਲਾਂਗ ‘ਚ ਲਾਪਤਾ ਹੋ ਗਈ ਸੀ। ਜ਼ਿਲ੍ਹਾ ਹਸਪਤਾਲ ‘ਚ ਜਾਂਚ ਤੋਂ ਬਾਅਦ, ਸੋਨਮ ਨੂੰ ਵਨ ਸਟਾਪ ਸੈਂਟਰ ‘ਚ ਰੱਖਿਆ ਗਿਆ ਹੈ।
ਮੇਘਾਲਿਆ ਪੁਲਿਸ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ, ਮਈ 2025 ‘ਚ ਹਨੀਮੂਨ ਲਈ ਪੂਰਬੀ ਖਾਸੀ ਪਹਾੜੀਆਂ ‘ਤੇ ਆਏ ਇੱਕ ਜੋੜੇ ਦੇ ਲਾਪਤਾ ਹੋਣ ਦੇ ਸਬੰਧ ‘ਚ 3 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ‘ਚੋਂ 2 ਇੰਦੌਰ ਤੋਂ ਹਨ ਅਤੇ ਇੱਕ ਲਲਿਤਪੁਰ ਤੋਂ ਹੈ।
ਰਾਜਾ ਰਘੂਵੰਸ਼ੀ ਮ੍ਰਿਤਕ ਪਾਇਆ ਗਿਆ ਸੀ, ਜਦੋਂ ਕਿ ਉਸਦੀ ਪਤਨੀ ਸੋਨਮ ਰਘੂਵੰਸ਼ੀ ਨੇ ਹੁਣ ਉੱਤਰ ਪ੍ਰਦੇਸ਼ ਦੇ ਨੰਦਗੰਜ ਪੁਲਿਸ ਸਟੇਸ਼ਨ ‘ਚ ਆਤਮ ਸਮਰਪਣ ਕਰ ਦਿੱਤਾ ਹੈ। ਸੋਨਮ ਯੂਪੀ ਪੁਲਿਸ ਦੀ ਹਿਰਾਸਤ ‘ਚ ਹੈ।
Read More: ਇੰਦੌਰ ਜੋੜੇ ਦੇ ਲਾਪਤਾ ਮਾਮਲੇ ‘ਚ CM ਮੋਹਨ ਯਾਦਵ ਵੱਲੋਂ ਗ੍ਰਹਿ ਮੰਤਰੀ ਤੋਂ CBI ਜਾਂਚ ਦੀ ਮੰਗ