ਚੰਡੀਗੜ੍ਹ, 25 ਜਨਵਰੀ 2025: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਿੜ੍ਹਬਾ (Dirba) ਵਿਖੇ 7.20 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਬਹੁ ਮੰਤਵੀ ਇਨਡੋਰ ਸਪੋਰਟਸ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਯਕੀਨੀ ਬਣਾਉਣ ‘ਚ ਪੂਰੀ ਸਾਵਧਾਨੀ ਵਰਤੀ ਹੈ ਕਿ ਸੂਬੇ ਦੇ ਖੇਡ ਖੇਤਰ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣਾ ਹੈ ਅਤੇ ਖੇਡ ਸੱਭਿਆਚਾਰ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ |
ਉਨ੍ਹਾਂ ਨੇ ਸ਼ਹੀਦ ਬਚਨ ਸਿੰਘ ਮੈਮੋਰੀਅਲ ਸਪੋਰਟਸ ਸਟੇਡੀਅਮ ‘ਚ ਬਣਨ ਵਾਲੇ ਇਸ ਇਨਡੋਰ ਸਪੋਰਟਸ ਸਟੇਡੀਅਮ ਦਾ ਨੀਂਹ ਪੱਥਰ ਮਹਾਨ ਮੁੱਕੇਬਾਜ਼ ਪਦਮਸ਼੍ਰੀ ਕੌਰ ਸਿੰਘ ਦੀ ਪਤਨੀ ਸ਼੍ਰੀਮਤੀ ਰਣਜੀਤ ਕੌਰ ਅਤੇ ਕਬੱਡੀ ਖਿਡਾਰੀ ਸਵਰਗੀ ਗੁਰਮੇਲ ਸਿੰਘ ਦੀ ਪਤਨੀ ਸ਼੍ਰੀਮਤੀ ਪਰਮਜੀਤ ਕੌਰ ਦੀ ਮੌਜੂਦਗੀ ‘ਚ ਰੱਖਿਆ।
ਉਨ੍ਹਾਂ ਕਿਹਾ ਕਿ ਖੇਡ ਪ੍ਰੇਮੀਆਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਛੇਤੀ ਹੀ ਪੂਰੀ ਹੋਣ ਜਾ ਰਹੀ ਹੈ ਅਤੇ ਸਾਡੇ ਪ੍ਰਤਿਭਾਸ਼ਾਲੀ ਖਿਡਾਰੀ ਵਾਲੀਬਾਲ, ਬਾਸਕਟਬਾਲ, ਮੁੱਕੇਬਾਜ਼ੀ, ਬੈਡਮਿੰਟਨ, ਟੇਬਲ ਟੈਨਿਸ, ਜੂਡੋ, ਜਿਮਨਾਸਟਿਕ, ਕੁਸ਼ਤੀ ਦੇ ਨਾਲ-ਨਾਲ ਕਬੱਡੀ ਅਤੇ ਸਮੇਤ 11 ਵੱਖ-ਵੱਖ ਖੇਡਾਂ ਵਿੱਚ ਆਪਣਾ ਹੁਨਰ ਦਿਖਾਉਣ ਦੇ ਯੋਗ ਹੋਣਗੇ ਅਤੇ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਦਿੜ੍ਹਬਾ ਦਾ ਨਾਂ ਰੋਸ਼ਨ ਕਰਨਗੇ |
ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਰਹੂਮ ਕੌਰ ਸਿੰਘ ਅਤੇ ਮਰਹੂਮ ਗੁਰਮੇਲ ਸਿੰਘ ਨੇ ਇੱਕ ਗਰੀਬ ਪਰਿਵਾਰ ‘ਚ ਪੈਦਾ ਹੋਣ ਦੇ ਬਾਵਜੂਦ ਆਪਣੀ ਹਿੰਮਤ ਨਾਲ ਖੇਡਾਂ ਦੇ ਖੇਤਰ ਵਿੱਚ ਜੋ ਉਚਾਈਆਂ ਪ੍ਰਾਪਤ ਕੀਤੀਆਂ, ਉਹ ਬੇਮਿਸਾਲ ਹਨ ਅਤੇ ਇਨ੍ਹਾਂ ਦੋ ਖੇਡ ਨਾਇਕਾਂ ਦੀ ਯਾਦ ਨੂੰ ਕਾਇਮ ਰੱਖਣ ਲਈ, ਇਹ ਇਨਡੋਰ ਸਪੋਰਟਸ ਸਟੇਡੀਅਮ ਦਿੜ੍ਹਬਾ (Dirba) ‘ਚ ਬਣਾਇਆ ਜਾ ਰਿਹਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਨੇ ਕਿਹਾ ਕਿ ਇਹ ਇਨਡੋਰ ਸਪੋਰਟਸ ਸਟੇਡੀਅਮ ਖਿਡਾਰੀਆਂ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਸਥਾਪਤ ਕਰਨ ਵਾਲੇ ਲੋਕਾਂ ਦੀਆਂ ਯਾਦਾਂ ਨੂੰ ਅਮਰ ਕਰਨ ਲਈ ਕੀਤਾ ਗਿਆ ਇਹ ਯਤਨ ਸ਼ਲਾਘਾਯੋਗ ਹੈ।