ਦਿੱਲੀ, 04 ਦਸੰਬਰ 2025: ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ, ਇੰਡੀਗੋ, ਲਗਾਤਾਰ ਤੀਜੇ ਦਿਨ ਵੀ ਚਾਲਕ ਦਲ ਦੀ ਘਾਟ ਨਾਲ ਜੂਝ ਰਹੀ ਹੈ। ਇਸ ਨਾਲ ਦੇਸ਼ ਭਰ ‘ਚ ਏਅਰਲਾਈਨ ਦੇ ਸੰਚਾਲਨ ‘ਤੇ ਭਾਰੀ ਅਸਰ ਪਿਆ ਹੈ। ਨਿਊਜ਼ ਏਜੰਸੀ ਪੀਟੀਆਈ ਦੇ ਮੁਤਾਬਕ ਵੀਰਵਾਰ ਨੂੰ ਮੁੰਬਈ, ਦਿੱਲੀ ਅਤੇ ਬੰਗਲੁਰੂ ਹਵਾਈ ਅੱਡਿਆਂ ‘ਤੇ 180 ਤੋਂ ਵੱਧ ਇੰਡੀਗੋ ਉਡਾਣਾਂ ਰੱਦ (indigo flights cancelled) ਕੀਤੀਆਂ ਗਈਆਂ।
ਮੁੰਬਈ ‘ਚ ਸਭ ਤੋਂ ਵੱਧ 86 ਉਡਾਣਾਂ ਰੱਦ ਹੋਈਆਂ, ਇਸ ਤੋਂ ਬਾਅਦ ਬੰਗਲੁਰੂ ‘ਚ 73 ਅਤੇ ਦਿੱਲੀ ਹਵਾਈ ਅੱਡੇ ਤੋਂ ਵੀ 33 ਉਡਾਣਾਂ ਰੱਦ ਹੋਈਆਂ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੱਜ ਸ਼ਾਮ ਤੱਕ ਰੱਦ ਹੋਣ ਦੀ ਗਿਣਤੀ ਵਧਣ ਦੀ ਉਮੀਦ ਹੈ।
ਹੈਦਰਾਬਾਦ ‘ਚ ਲਗਭੱਗ 33 ਉਡਾਣਾਂ ਰੱਦ ਹੋ ਸਕਦੀਆਂ ਹਨ। ਜੈਪੁਰ ਹਵਾਈ ਅੱਡੇ ‘ਤੇ ਚਾਰ ਉਡਾਣਾਂ ਰੱਦ ਕੀਤੀਆਂ ਹਨ। ਇੰਦੌਰ ਵਿੱਚ ਤਿੰਨ ਉਡਾਣਾਂ ਰੱਦ ਕੀਤੀਆਂ ਹਨ। ਇੰਡੀਗੋ ਨੇ ਬੁੱਧਵਾਰ ਨੂੰ ਇੰਦੌਰ ‘ਚ 18 ਉਡਾਣਾਂ ਰੱਦ ਕੀਤੀਆਂ ਸਨ। ਉਡਾਣ ਰੱਦ ਹੋਣ ਕਾਰਨ ਹਵਾਈ ਅੱਡਿਆਂ ‘ਤੇ ਲੰਬੀਆਂ ਕਤਾਰਾਂ ਲੱਗ ਗਈਆਂ ਹਨ।
ਕਈ ਥਾਵਾਂ ‘ਤੇ, ਯਾਤਰੀਆਂ ਨੇ ਆਪਣੀਆਂ ਉਡਾਣਾਂ (indigo flight) ਦੀ ਉਡੀਕ ‘ਚ ਪੂਰੀ ਰਾਤ ਬਿਤਾਈ। ਬੁੱਧਵਾਰ ਨੂੰ 200 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ। ਇੰਡੀਗੋ ਏਅਰਲਾਈਨਜ਼ ਨੇ ਬੁੱਧਵਾਰ ਨੂੰ ਯਾਤਰੀਆਂ ਤੋਂ ਮੁਆਫੀ ਮੰਗੀ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਤੱਕ ਸੰਚਾਲਨ ਆਮ ਵਾਂਗ ਹੋ ਜਾਵੇਗਾ। ਕੰਪਨੀ ਰੋਜ਼ਾਨਾ ਲਗਭੱਗ 2,300 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਚਲਾਉਂਦੀ ਹੈ।
ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਪਾਇਲਟਾਂ ਅਤੇ ਹੋਰ ਚਾਲਕ ਦਲ ਦੇ ਮੈਂਬਰਾਂ ਲਈ ਕੰਮ ਦੇ ਨਿਯਮਾਂ ‘ਚ ਸੋਧ ਕੀਤੀ ਹੈ, ਜੋ 1 ਨਵੰਬਰ ਤੋਂ ਲਾਗੂ ਹਨ। ਇਸਨੂੰ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ (FDTL) ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਨੂੰ ਦੋ ਪੜਾਵਾਂ ‘ਚ ਲਾਗੂ ਕੀਤਾ ਗਿਆ ਸੀ। ਪਹਿਲਾ ਪੜਾਅ 1 ਜੁਲਾਈ ਤੋਂ ਲਾਗੂ ਹੋਇਆ।
ਦੂਜਾ ਪੜਾਅ ਜੋ 1 ਨਵੰਬਰ ਤੋਂ ਲਾਗੂ ਹੋਇਆ ਦੇ ਨਤੀਜੇ ਵਜੋਂ ਏਅਰਲਾਈਨਾਂ ਲਈ ਪਾਇਲਟਾਂ ਅਤੇ ਹੋਰ ਚਾਲਕ ਦਲ ਦੇ ਮੈਂਬਰਾਂ ਦੀ ਅਚਾਨਕ ਘਾਟ ਹੋ ਗਈ ਹੈ। ਇੰਡੀਗੋ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। DGCA ਨੇ ਰਿਪੋਰਟ ਦਿੱਤੀ ਕਿ ਨਵੰਬਰ ‘ਚ ਕੁੱਲ 1,232 ਇੰਡੀਗੋ ਉਡਾਣਾਂ ਰੱਦ ਕੀਤੀਆਂ ਸਨ, ਜਿਨ੍ਹਾਂ ‘ਚੋਂ 755 FDTL ਨਿਯਮਾਂ ਕਾਰਨ ਹੋਈਆਂ ਸਨ।
Read More: DGCA ਦੇ ਨਵੇਂ ਨਿਯਮਾਂ ਨਾਲ ਇੰਡੀਗੋ ਦੇ ਸੰਚਾਲਨ ਠੱਪ, ਇੰਡੀਗੋ ਦੇ ਉੱਚ ਅਧਿਕਾਰੀਆਂ ਨੂੰ ਕੀਤਾ ਤਲਬ




