June 30, 2024 2:16 pm
Giani Harpreet Singh

ਭਾਰਤ ਦੀ ਪ੍ਰਭੂਸੱਤਾ ਨੂੰ ਕੇਵਲ ਅਨੇਕਤਾ ‘ਚ ਏਕਤਾ ਤੇ ਵੰਨ-ਸੁਵੰਨਤਾ ਵਾਲਾ ਫਾਰਮੂਲਾ ਹੀ ਬਰਕਰਾਰ ਰੱਖ ਸਕਦੈ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਚੰਡੀਗੜ੍ਹ, 01 ਨਵੰਬਰ, 2023: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਵੱਲੋਂ ਅੱਜ ਪੰਜਾਬੀ ਸੂਬਾ ਦਿਵਸ ’ਤੇ ਇਕ ਮਹੱਤਵਪੂਰਨ ਸਿਆਸੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਵੱਡੀ ਪੱਧਰ ‘ਤੇ ਚੱਲ ਰਹੀ ਉਥਲ-ਪੱਥਲ ਅਤੇ ਭਾਰਤ ਦੇ ਵੱਖ-ਵੱਖ ਖਿੱਤਿਆਂ ਵਿਚ ਚੱਲ ਰਹੀਆਂ ਵੱਖਵਾਦੀ ਤਹਿਰੀਰਾਂ ਨੂੰ ਕੇਂਦਰ ਸਰਕਾਰ ਜ਼ਬਰੀ ਦਬਾਅ ਕੇ ਭਾਰਤ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਯਤਨ ਕਰਦੀ ਨਜ਼ਰ ਆਉਂਦੀ ਹੈ, ਪਰ ਸੰਘੀ ਢਾਂਚਾ ਅਪਣਾਏ ਬਿਨ੍ਹਾਂ ਅਖ਼ੰਡਤਾ ਬਰਕਰਾਰ ਰੱਖਣੀ ਔਖੀ ਹੈ।

ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਕਿਹਾ ਕਿ ਭਾਰਤ ਦੀ ਪ੍ਰਭੂਸੱਤਾ ਨੂੰ ਕੇਵਲ ਅਨੇਕਤਾ ਵਿਚ ਏਕਤਾ ਅਤੇ ਵੰਨ-ਸੁਵੰਨਤਾ ਵਾਲਾ ਫਾਰਮੂਲਾ ਹੀ ਬਰਕਰਾਰ ਰੱਖ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਜਿਸ ਤਰ੍ਹਾਂ ਦੇਸ਼ ਦੇ ਵੱਖ- ਵੱਖ ਖਿੱਤਿਆਂ, ਸੂਬਿਆਂ ਦੀਆਂ ਬੋਲੀਆਂ ਨੂੰ ਮਾਰਿਆ ਜਾ ਰਿਹਾ ਹੈ। ਖੇਤਰੀ ਸੱਭਿਆਚਾਰਾਂ ‘ਤੇ ਹਿੰਦੂਤਵ ਨੂੰ ਥੋਪਣ ਦੇ ਯਤਨ ਹੋ ਰਹੇ ਹਨ ਅਤੇ ਹਿੰਦੂ ਰਾਸ਼ਟਰ ਬਣਾਉਣ ਵਰਗੀਆਂ ਪੇਸ਼ੀਨਗੋਈਆਂ ਕੀਤੀਆਂ ਜਾ ਰਹੀਆਂ ਹਨ। ਇਹ ਸਭ ਕੁਝ ਇਸ ਦੇਸ਼ ਦੀ ਅਖੰਡਤਾ ਲਈ ਖ਼ਤਰੇ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬੀ ਬੋਲਦੇ ਕਈ ਇਲਾਕੇ ਪੰਜਾਬ ‘ਚੋਂ ਬਾਹਰ ਰੱਖਣੇ ਸਰਕਾਰ ਦੀ ਬੇਈਮਾਨੀ ਹੈ |

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ 1947 ਦੀ ਵੰਡ ਵੇਲੇ ਭਾਰਤ ਦੀ ਹੋਂਦ ਵੱਖ-ਵੱਖ ਸੱਭਿਆਚਾਰਾਂ, ਧਰਮਾਂ, ਬੋਲੀਆਂ ਅਤੇ ਖੇਤਰੀ ਵੰਨ-ਸੁਵੰਨਤਾ ਨੂੰ ਇਕ ਗੁਲਦਸਤੇ ਦੇ ਰੂਪ ਵਿਚ ਬਰਕਰਾਰ ਰੱਖਣ ਲਈ ਬਣੀ ਸੀ। ਪਿਛਲੇ ਕੁਝ ਸਮੇਂ ਤੋਂ ਸੱਤਾ ਦੀ ਸਰਪ੍ਰਸਤੀ ਹੇਠ ਦੇਸ਼ ਦੀ ਧਰਮ ਨਿਰਪੇਖ ਸ਼ਾਖ ਨੂੰ ਇਕ ਧਰਮ, ਇਕ ਬੋਲੀ ਵਾਲੇ ਰਾਸ਼ਟਰ ਵਿਚ ਬਦਲਣ ਦੀਆਂ ਗਤੀਵਿਧੀਆਂ ਤੇਜ ਹੋਈਆਂ ਹਨ। ਇਨ੍ਹਾਂ ਨੇ ਭਾਰਤ ਵਿਚ ਰਹਿ ਰਹੀਆਂ ਘੱਟ-ਗਿਣਤੀ ਕੌਮਾਂ ਅੰਦਰ ਬੇਵਿਸ਼ਵਾਸੀ ਅਤੇ ਖ਼ਤਰੇ ਦੀ ਭਾਵਨਾ ਪ੍ਰਬਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਭਾਰਤ ਵਰਗੇ ਦੇਸ਼ ਜਿਥੇ ਅਲੱਗ-ਅਲੱਗ ਧਰਮਾਂ ਨੂੰ ਮੰਨਣ ਵਾਲੇ ਤੇ ਵੱਖ-ਵੱਖ ਬੋਲੀਆਂ ਬੋਲਣ ਵਾਲੇ ਲੋਕ ਸਦੀਆਂ ਤੋਂ ਵਸਦੇ ਹੋਣ ਉਸ ਨੂੰ ਇਕ ਧਰਮ ਉੱਤੇ ਆਧਾਰਿਤ ਰਾਸ਼ਟਰ ਬਣਾਉਣ ਲਈ ਤਰਲੋਮੱਛੀ ਹੋ ਰਹੀਆਂ ਤਾਕਤਾਂ ਅਤੇ ਸਰਕਾਰਾਂ ਨੂੰ ਇਕ ਗੱਲ ਸਮਝਣ ਦੀ ਲੋੜ ਹੈ ਕਿ ਕਿਸੇ ਸੂਬੇ ‘ਤੇ ਕੌਣ ਰਾਜ ਕਰ ਰਿਹਾ ਹੈ।

ਆਮ ਲੋਕਾਂ ਨੂੰ ਉਦੋਂ ਤੱਕ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਜਦੋਂ ਤੱਕ ਉਨ੍ਹਾਂ ਦੀ ਆਪਣੀ ਮਾਂ-ਬੋਲੀ, ਆਪਣੀ ਖੇਤਰੀ ਰਾਜਨੀਤੀ, ਆਪਣੇ ਸੱਭਿਆਚਾਰ ਅਤੇ ਅਪਣੇ ਹੱਕਾਂ ਲਈ ਖ਼ਤਰਾ ਪੈਦਾ ਨਾ ਹੋਵੇ | ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਭਾਰਤ ਦੇ ਵੱਖ-ਵੱਖ ਖਿੱਤਿਆਂ ਜਿਵੇਂ ਕਿ ਮਣੀਪੁਰ, ਨਾਗਾਲੈਂਡ, ਅਸਾਮ, ਕਸ਼ਮੀਰ ਅਤੇ ਪੰਜਾਬ ਵਿਚ ਅਲਹਿਦਗੀ ਲਈ ਯਤਨ ਰਹੀਆਂ ਲਹਿਰਾਂ ਪਿੱਛੇ ਵੀ ਇਕ ਕਾਰਨ ਇਨ੍ਹਾਂ ਸੂਬਿਆਂ ਦੀ ਖੇਤਰੀ ਹੋਂਦ, ਬੋਲੀ, ਸੱਭਿਆਚਾਰ,ਖੇਤਰ ਦੇ ਕੁਦਰਤੀ ਸਰੋਤ ਅਤੇ ਭੂਗੋਲਿਕ ਖਾਸੇ ਲਈ ਪੈਦਾ ਹੋ ਰਹੇ ਖ਼ਤਰੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਸੰਯੁਕਤ ਰਾਜ ਅਮਰੀਕਾ, ਰੂਸ ਅਤੇ ਯੂ.ਕੇ. ਵਰਗੇ ਦੇਸ਼ਾਂ ਦੀ ਮਿਸਾਲ ਦਿੰਦਿਆਂ ਆਖਿਆ ਕਿ ਇਹ ਸਥਾਪਿਤ ਅਤੇ ਸ਼ਕਤੀਸ਼ਾਲੀ ਦੇਸ਼ ਸੰਘੀ ਢਾਂਚੇ ਕਰਕੇ ਹੀ ਮਜ਼ਬੂਤ ਰਾਸ਼ਟਰ ਹਨ।