ਚੰਡੀਗੜ੍ਹ, 17 ਫਰਵਰੀ 2025: ਅਮਰੀਕਾ ਤੋਂ ਡਿਪੋਰਟ (Indians Deported) ਕੀਤੇ ਭਾਰਤੀਆਂ ਦਾ ਤੀਜਾ ਜਹਾਜ਼ 16 ਫਰਵਰੀ ਨੂੰ ਰਾਤ 10 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ। ਅਮਰੀਕੀ ਹਵਾਈ ਸੈਨਾ ਦੇ ਸੀ-17 ਏ ਗਲੋਬਮਾਸਟਰ ਜਹਾਜ਼ ‘ਚ 112 ਭਾਰਤੀ ਪਹੁੰਚ ਚੁੱਕੇ ਹਨ। ਇਨ੍ਹਾਂ ‘ਚ ਹਰਿਆਣਾ ਦੇ 44 ਅਤੇ ਪੰਜਾਬ ਦੇ 33 ਜਣੇ ਸ਼ਾਮਲ ਹਨ।
ਲਗਭਗ 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਇਹ ਭਾਰਤੀ ਹਵਾਈ ਅੱਡੇ ਤੋਂ ਬਾਹਰ ਆ ਗਏ। ਪੁਲਿਸ ਅਧਿਕਾਰੀ ਹਰਿਆਣਾ ਦੇ ਲੋਕਾਂ ਲਈ ਇੱਕ ਵੋਲਵੋ ਬੱਸ ਲੈ ਕੇ ਪਹੁੰਚੇ। ਡਿਪੋਰਟ ਕੀਤੇ ਲੋਕਾਂ ਚ ਕੁਝ ਬੱਚੇ ਵੀ ਸ਼ਾਮਲ ਹਨ। ਬੱਚਿਆਂ ਨੂੰ ਦੁੱਧ ਅਤੇ ਡਾਇਪਰ ਦਿੱਤੇ ਗਏ। ਡਿਪੋਰਟ (Indians Deported) ਕੀਤੇ ਗਏ ਚਚੇਰੇ ਭਰਾਵਾਂ ਸੰਦੀਪ ਅਤੇ ਪ੍ਰਦੀਪ ਨੂੰ ਪਟਿਆਲਾ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਉਨ੍ਹਾਂ ਤੋਂ ਜੂਨ 2023 ‘ਚ ਦਰਜ ਇੱਕ ਕਤਲ ਦੇ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਦੋਵੇਂ ਨੌਜਵਾਨ ਰਾਜਪੁਰਾ ਦੇਰਹਿਣ ਵਾਲੇ ਹਨ |
ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ 18 ਹਜ਼ਾਰ ਭਾਰਤੀਆਂ ਨੂੰ ਡਿਪੋਰਟ ਕਰਕੇ ਭਾਰਤ ਭੇਜਿਆ ਜਾਵੇਗਾ, ਜਿਨ੍ਹਾਂ ‘ਚੋਂ ਲਗਭਗ 5 ਹਜ਼ਾਰ ਲੋਕ ਹਰਿਆਣਾ ਦੇ ਹਨ। ਹੁਣ ਤੱਕ ਕੁੱਲ 335 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ।
ਸ਼ਨੀਵਾਰ ਰਾਤ 11:30 ਵਜੇ, 116 ਭਾਰਤੀਆਂ ਦੇ ਦੂਜੇ ਜਥੇ ਨੂੰ ਲੈ ਕੇ ਅਮਰੀਕੀ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ। ਔਰਤਾਂ ਅਤੇ ਬੱਚਿਆਂ ਨੂੰ ਛੱਡ ਕੇ ਸਾਰੇ ਮਰਦਾਂ ਨੂੰ ਹੱਥਾਂ ‘ਚ ਹੱਥਕੜੀਆਂ ਅਤੇ ਪੈਰਾਂ ‘ਚ ਬੇੜੀਆਂ ਪਾ ਕੇ ਜਹਾਜ਼ ‘ਚ ਚੜ੍ਹਾਇਆ ਗਿਆ। ਲਗਭਗ 5 ਘੰਟਿਆਂ ਦੀ ਤਸਦੀਕ ਤੋਂ ਬਾਅਦ, ਸਾਰਿਆਂ ਨੂੰ ਪੁਲਿਸ ਦੀਆਂ ਗੱਡੀਆਂ ‘ਚ ਘਰ ਛੱਡ ਦਿੱਤਾ ਗਿਆ।
ਸ਼ਨੀਵਾਰ ਨੂੰ ਜ਼ਬਰਦਸਤੀ ਵਾਪਸ ਭੇਜੇ ਗਏ ਲੋਕਾਂ ‘ਚ ਪੰਜਾਬ ਦੇ 65, ਹਰਿਆਣਾ ਦੇ 33, ਗੁਜਰਾਤ ਦੇ 8, ਉੱਤਰ ਪ੍ਰਦੇਸ਼, ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਦੇ 2-2 ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦਾ 1-1 ਵਿਅਕਤੀ ਸ਼ਾਮਲ ਸੀ। ਇਨ੍ਹਾਂ ‘ਚੋਂ ਜ਼ਿਆਦਾਤਰ 18 ਤੋਂ 30 ਸਾਲ ਦੀ ਉਮਰ ਦੇ ਹਨ।