ਪ੍ਰਤੀਕਾ ਰਾਵਲ

ਭਾਰਤੀ ਮਹਿਲਾ ਟੀਮ ਦੀ ਪ੍ਰਤੀਕਾ ਰਾਵਲ ਮੈਚ ਦੌਰਾਨ ਜ਼ਖਮੀ, ਸੈਮੀਫਾਈਨਲ ‘ਚ ਖੇਡਣਾ ਮੁਸ਼ਕਿਲ

ਸਪੋਰਟਸ, 27 ਅਕਤੂਬਰ 2025: ਪ੍ਰਤੀਕਾ ਰਾਵਲ ਬੰਗਲਾਦੇਸ਼ ਵਿਰੁੱਧ ਵਨਡੇ ਮਹਿਲਾ ਵਿਸ਼ਵ ਕੱਪ ਮੈਚ ਦੌਰਾਨ ਜ਼ਖਮੀ ਹੋ ਗਈ ਸੀ। ਉਸ ਦੇ ਗੋਡੇ ‘ਚ ਸੱਟ ਲੱਗ ਗਈ ਸੀ। ਇਹ ਮੈਚ ਐਤਵਾਰ ਨੂੰ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਖੇਡਿਆ ਜਾਣਾ ਸੀ, ਪਰ ਲਗਾਤਾਰ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ।

ਰਾਵਲ ਦੀ ਸੈਮੀਫਾਈਨਲ ‘ਚ ਭਾਗੀਦਾਰੀ ਸ਼ੱਕੀ ਜਾਪਦੀ ਹੈ। ਭਾਰਤੀ ਟੀਮ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀ ਹੈ ਅਤੇ 30 ਅਕਤੂਬਰ ਨੂੰ ਉਸੇ ਸਟੇਡੀਅਮ ‘ਚ ਆਸਟ੍ਰੇਲੀਆ ਨਾਲ ਭਿੜੇਗੀ।

ਮੈਚ ਦੇ 21ਵੇਂ ਓਵਰ ‘ਚ ਬੰਗਲਾਦੇਸ਼ ਦੀ ਪਾਰੀ ਦੌਰਾਨ ਪ੍ਰਤੀਕਾ ਰਾਵਲ ਗੇਂਦ ਫੜਨ ਲਈ ਭੱਜੀ। ਮੀਂਹ ਕਾਰਨ ਮੈਦਾਨ ਗਿੱਲਾ ਸੀ, ਜਿਸ ਕਾਰਨ ਉਹ ਫਿਸਲ ਗਈ ਅਤੇ ਡਿੱਗ ਪਈ। ਉਸਨੂੰ ਸਟਰੈਚਰ ਦੀ ਲੋੜ ਨਹੀਂ ਸੀ, ਪਰ ਸਾਥੀ ਖਿਡਾਰੀਆਂ ਦੀ ਮੱਦਦ ਨਾਲ ਉਹ ਥੋੜ੍ਹਾ ਜਿਹਾ ਲੰਗੜਾ ਕੇ ਮੈਦਾਨ ਤੋਂ ਬਾਹਰ ਚਲੀ ਗਈ।

ਬੀਸੀਸੀਆਈ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤੀ ਟੀਮ ਦੀ ਆਲਰਾਊਂਡਰ ਪ੍ਰਤੀਕਾ ਰਾਵਲ ਨੂੰ ਫੀਲਡਿੰਗ ਦੌਰਾਨ ਗੋਡੇ ਅਤੇ ਗਿੱਟੇ ਦੀਆਂ ਸੱਟਾਂ ਲੱਗੀਆਂ ਹਨ। ਮੈਡੀਕਲ ਟੀਮ ਉਸਦੀ ਹਾਲਤ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ।

25 ਸਾਲਾ ਪ੍ਰਤੀਕਾ ਰਾਵਲ ਨੇ ਇਸ ਟੂਰਨਾਮੈਂਟ ‘ਚ ਭਾਰਤ ਲਈ ਛੇ ਮੈਚਾਂ ‘ਚ 308 ਦੌੜਾਂ ਬਣਾਈਆਂ ਹਨ ਅਤੇ ਸਮ੍ਰਿਤੀ ਮੰਧਾਨਾ ਤੋਂ ਬਾਅਦ ਟੀਮ ਦੀ ਦੂਜੀ ਸਭ ਤੋਂ ਸਫਲ ਬੱਲੇਬਾਜ਼ ਹੈ। ਪ੍ਰਤੀਕਾ ਨੇ 23 ਅਕਤੂਬਰ ਨੂੰ ਮੁੰਬਈ ‘ਚ ਨਿਊਜ਼ੀਲੈਂਡ ਖ਼ਿਲਾਫ 134 ਗੇਂਦਾਂ ‘ਚ 122 ਦੌੜਾਂ ਦਾ ਸ਼ਾਨਦਾਰ ਸੈਂਕੜਾ ਲਗਾਇਆ, ਜਿਸ ਨਾਲ ਭਾਰਤ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕਰ ਸਕਿਆ।

ਅਮਨਜੋਤ ਕੌਰ ਨੇ ਪਾਰੀ ਦੀ ਸ਼ੁਰੂਆਤ ਕੀਤੀ

ਪ੍ਰਤੀਕਾ ਦੀ ਜਗ੍ਹਾ ਅਮਨਜੋਤ ਕੌਰ ਨੇ ਸਮ੍ਰਿਤੀ ਮੰਧਾਨਾ ਦੇ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਅਮਨਜੋਤ 15 ਅਤੇ ਮੰਧਾਨਾ 34 ਦੌੜਾਂ ‘ਤੇ ਨਾਬਾਦ ਰਹੀਆਂ। 27 ਓਵਰਾਂ ‘ਚ 126 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤ ਨੇ 9ਵੇਂ ਓਵਰ ‘ਚ 57/0 ਤੱਕ ਪਹੁੰਚ ਕੀਤੀ ਜਦੋਂ ਮੀਂਹ ਨੇ ਮੈਚ ਰੋਕ ਦਿੱਤਾ ਅਤੇ ਬਾਅਦ ‘ਚ ਮੈਚ ਰੱਦ ਕਰ ਦਿੱਤਾ।

ਰਿਚਾ ਘੋਸ਼ ਵੀ ਜ਼ਖਮੀ

ਪ੍ਰਤੀਕਾ ਤੋਂ ਪਹਿਲਾਂ, ਵਿਕਟਕੀਪਰ-ਬੱਲੇਬਾਜ਼ ਰਿਚਾ ਘੋਸ਼ ਨੂੰ ਵੀ ਨਿਊਜ਼ੀਲੈਂਡ ਵਿਰੁੱਧ ਮੈਚ ‘ਚ ਉਂਗਲੀ ‘ਤੇ ਸੱਟ ਲੱਗੀ ਸੀ। ਉਸਦੀ ਜਗ੍ਹਾ ਉਮਾ ਛੇਤਰੀ ਨੇ ਆਪਣਾ ਵਨਡੇ ਡੈਬਿਊ ਕੀਤਾ। ਉਮਾ ਛੇਤਰੀ ਆਸਾਮ ਅਤੇ ਉੱਤਰ-ਪੂਰਬੀ ਖੇਤਰ ਤੋਂ ਵਨਡੇ ਵਿਸ਼ਵ ਕੱਪ ‘ਚ ਭਾਰਤ ਲਈ ਖੇਡਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣੀ।

Read More: IND ਬਨਾਮ AUS: ਸ਼੍ਰੇਅਸ ਅਈਅਰ ਦੀ ਪਸਲੀਆਂ ‘ਚ ਗੰਭੀਰ ਸੱਟ, ICU ‘ਚ ਭਰਤੀ

Scroll to Top