ਚੰਡੀਗੜ੍ਹ 20 ਨਵੰਬਰ 2024: ਭਾਰਤੀ ਮਹਿਲਾ ਹਾਕੀ ਟੀਮ (Indian women’s Hockey team) ਨੇ ਏਸ਼ੀਆਈ ਚੈਂਪੀਅਨਸ ਟਰਾਫੀ (Asian Champions Trophy) ਦੇ ਫਾਈਨਲ ‘ਚ ਚੀਨ ਨੂੰ 1-0 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ | ਭਾਰਤੀ ਮਹਿਲਾ ਟੀਮ ਨੇ ਇਸ ਤਰ੍ਹਾਂ ਤੀਜੀ ਵਾਰ ਖ਼ਿਤਾਬ ਜਿੱਤਿਆ ਹੈ ।
ਮੈਚ ‘ਚ ਦੀਪਿਕਾ ਨੇ ਤੀਜੇ ਕੁਆਰਟਰ ‘ਚ ਭਾਰਤ ਲਈ ਇੱਕ ਗੋਲ ਕੀਤਾ ਜੋ ਅੰਤ ‘ਚ ਫੈਸਲਾਕੁੰਨ ਸਾਬਤ ਹੋਇਆ। ਦੀਪਿਕਾ ਨੇ 31ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ। ਚੀਨੀ ਟੀਮ ਨਿਰਧਾਰਤ ਸਮੇਂ ‘ਚ ਗੋਲ ਨਹੀਂ ਕਰ ਸਕੀ ਅਤੇ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਡਿਫੈਂਡਿੰਗ ਚੈਂਪੀਅਨ ਦੇ ਰੂਪ ‘ਚ ਆਈ ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ (Asian Champions Trophy) ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਸ਼ਾਨਦਾਰ ਖੇਡ ਦੇ ਦਮ ‘ਤੇ ਖ਼ਿਤਾਬ ਬਰਕਰਾਰ ਰੱਖਣ ‘ਚ ਸਫਲ ਰਹੀ ਹੈ । ਫਾਈਨਲ ‘ਚ ਚੀਨ ਨੇ ਭਾਰਤ ਨੂੰ ਸਖ਼ਤ ਟੱਕਰ ਦਿੱਤੀ ਅਤੇ ਦੋਵੇਂ ਟੀਮਾਂ ਪਹਿਲੇ ਦੋ ਕੁਆਰਟਰ ਤੱਕ ਗੋਲ ਨਹੀਂ ਕਰ ਸਕੀਆਂ। ਹਾਲਾਂਕਿ ਤੀਜੇ ਕੁਆਰਟਰ ‘ਚ ਦੀਪਿਕਾ ਓਲੰਪਿਕ ਚਾਂਦੀ ਤਮਗਾ ਜੇਤੂ ਚੀਨ ਦੇ ਗੋਲ ਪੋਸਟ ‘ਤੇ ਨਿਸ਼ਾਨਾ ਲਗਾਉਣ ‘ਚ ਸਫਲ ਰਹੀ। ਦੀਪਿਕਾ ਦਾ ਇਸ ਟੂਰਨਾਮੈਂਟ ਦਾ ਇਹ 11ਵਾਂ ਗੋਲ ਸੀ।
ਪਿਛਲੇ ਸਾਲ ਰਾਂਚੀ ਅਤੇ 2016 ‘ਚ ਸਿੰਗਾਪੁਰ ‘ਚ ਇਹ ਖ਼ਿਤਾਬ ਜਿੱਤਣ ਵਾਲੀ ਭਾਰਤੀ ਟੀਮ ਨੇ ਜਬਰਦਸਤ ਤਾਲਮੇਲ ਅਤੇ ਸੰਜਮ ਵਿਖਾਇਆ ਅਤੇ ਚੀਨ ਨੂੰ ਹਰਾਇਆ। ਪਹਿਲਾ ਹਾਫ ਗੋਲ ਰਹਿਤ ਰਹਿਣ ਤੋਂ ਬਾਅਦ ਦੀਪਿਕਾ ਨੇ ਦੂਜੇ ਹਾਫ ਦੇ ਪਹਿਲੇ ਹੀ ਮਿੰਟ ‘ਚ ਭਾਰਤ ਨੂੰ ਮਿਲੇ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਖਚਾਖਚ ਭਰੇ ਬਿਹਾਰ ਸਪੋਰਟਸ ਯੂਨੀਵਰਸਿਟੀ ਸਟੇਡੀਅਮ ‘ਚ ਮੌਜੂਦ ਦਰਸ਼ਕਾਂ ‘ਚ ਉਤਸ਼ਾਹ ਪੈਦਾ ਕਰ ਦਿੱਤਾ।