ਚੰਡੀਗੜ੍ਹ,31ਜੁਲਾਈ :ਭਾਰਤੀ ਮਹਿਲਾ ਹਾਕੀ ਟੀਮ ਨੇ ਆਖਰੀ ਮੈਚ ਵਿੱਚ ਦੱਖਣੀ ਅਫਰੀਕਾ ਨੂੰ 4-3 ਨਾਲ ਹਰਾਇਆ। ਇਸ ਨਾਲ ਟੀਮ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਹਨ। ਪੂਲ ਏ ਤੋਂ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਦਾ ਫੈਸਲਾ ਆਇਰਲੈਂਡ ਅਤੇ ਗ੍ਰੇਟ ਬ੍ਰਿਟੇਨ ਦੇ ਵਿੱਚ ਮੈਚ ਦੁਆਰਾ ਕੀਤਾ ਜਾਵੇਗਾ। ਭਾਰਤ ਲਈ ਵੰਦਨਾ ਕਟਾਰੀਆ ਨੇ 3 ਗੋਲ ਕੀਤੇ। ਵੰਦਨਾ ਓਲੰਪਿਕ ਮੈਚ ਵਿੱਚ ਗੋਲ ਕਰਨ ਦੀ ਹੈਟ੍ਰਿਕ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਹਾਕੀ ਖਿਡਾਰਨ ਬਣ ਗਈ ਹੈ।
ਭਾਰਤੀ ਮਹਿਲਾ ਟੀਮ ਨੇ ਬਹੁਤ ਹੀ ਸ਼ਾਨਦਾਰ ਸ਼ੁਰੂਆਤ ਕੀਤੀ। ਮੈਚ ਦੇ ਚੌਥੇ ਮਿੰਟ ਵਿੱਚ ਵੰਦਨਾ ਨੇ ਨਵਨੀਤ ਕੌਰ ਵਲੋਂ ਕੀਤੇ ਗਏ ਪਾਸ ਨਾਲ ਗੋਲ ਕਰਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ। ਪਹਿਲੇ ਕੁਆਰਟਰ ਦੀ ਸਮਾਪਤੀ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਇੱਕ ਗੋਲ ਕਰਕੇ ਬਰਾਬਰੀ ਕਰ ਲਈ। ਦੂਜੇ ਕੁਆਰਟਰ ਵਿੱਚ ਵੰਦਨਾ ਨੇ ਫਿਰ ਗੋਲ ਕਰਕੇ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ।
ਦੂਜੇ ਪਾਸੇ ਦੱਖਣੀ ਅਫਰੀਕਾ ਨੇ ਦੂਜੇ ਕੁਆਰਟਰ ਦੇ ਆਖਰੀ ਮਿੰਟ ਵਿੱਚ ਸਕੋਰ 2-2 ਕਰ ਦਿੱਤਾ। ਤੀਜੇ ਕੁਆਰਟਰ ਵਿੱਚ ਨੇਹਾ ਗੋਇਲ ਨੇ ਰਾਣੀ ਰਾਮਪਾਲ ਦੇ ਪਾਸ ਉੱਤੇ ਗੋਲ ਕੀਤਾ। ਫਿਰ ਦੱਖਣੀ ਅਫਰੀਕਾ ਨੇ ਤੀਜੇ ਕੁਆਰਟਰ ਵਿੱਚ ਗੋਲ ਕਰਕੇ ਸਕੋਰ 3-3 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਵੰਦਨਾ ਨੇ 49 ਵੇਂ ਮਿੰਟ ਵਿੱਚ ਟੀਮ ਲਈ ਆਪਣਾ ਤੀਜਾ ਅਤੇ ਚੌਥਾ ਗੋਲ ਕਰਕੇ ਭਾਰਤ ਨੂੰ ਜਿੱਤ ਦੇ ਰਾਹ ਵੱਲ ਵਧਾ ਦਿੱਤਾ |