ਚੰਡੀਗੜ੍ਹ, 20 ਅਕਤੂਬਰ 2023: ਭਾਰਤ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ (Hardik Pandya) 22 ਅਕਤੂਬਰ ਨੂੰ ਧਰਮਸ਼ਾਲਾ ‘ਚ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੇ ਭਾਰਤ ਦੇ ਅਗਲੇ ਮੈਚ ਤੋਂ ਬਾਹਰ ਹੋ ਗਏ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸ ਸਬੰਧੀ ਇੱਕ ਅਪਡੇਟ ਜਾਰੀ ਕੀਤਾ ਹੈ। ਹਾਰਦਿਕ ਪੰਡਯਾ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਬੀਸੀਸੀਆਈ ਨੇ ਕਿਹਾ- ਟੀਮ ਇੰਡੀਆ ਦੇ ਉਪ ਕਪਤਾਨ ਹਾਰਦਿਕ ਪੰਡਯਾ ਨੂੰ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਬੰਗਲਾਦੇਸ਼ ਦੇ ਖ਼ਿਲਾਫ਼ ਭਾਰਤ ਦੇ ਮੈਚ ਦੌਰਾਨ ਆਪਣੀ ਹੀ ਗੇਂਦਬਾਜ਼ੀ ‘ਤੇ ਫੀਲਡਿੰਗ ਕਰਦੇ ਸਮੇਂ ਖੱਬੇ ਗਿੱਟੇ ‘ਤੇ ਸੱਟ ਲੱਗ ਗਈ ਸੀ।
ਬੀਸੀਸੀਆਈ ਨੇ ਕਿਹਾ ਕਿ ਆਲਰਾਊਂਡਰ ਨੂੰ ਸਕੈਨ ਲਈ ਲਿਆ ਗਿਆ ਸੀ ਅਤੇ ਉਨ੍ਹਾਂ (Hardik Pandya) ਨੂੰ ਆਰਾਮ ਦੀ ਸਲਾਹ ਦਿੱਤੀ ਗਈ ਹੈ। ਉਹ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਲਗਾਤਾਰ ਨਿਗਰਾਨੀ ਹੇਠ ਰਹੇਗਾ। ਉਹ 20 ਅਕਤੂਬਰ ਨੂੰ ਧਰਮਸ਼ਾਲਾ ਲਈ ਟੀਮ ਦੇ ਨਾਲ ਉਡਾਣ ਨਹੀਂ ਭਰੇਗਾ ਅਤੇ ਹੁਣ ਸਿੱਧੇ ਲਖਨਊ ਵਿੱਚ ਟੀਮ ਨਾਲ ਜੁੜ ਜਾਵੇਗਾ ਜਿੱਥੇ ਭਾਰਤ ਇੰਗਲੈਂਡ ਨਾਲ ਖੇਡੇਗਾ।