ਚੰਡੀਗ੍ਹੜ, 18 ਜਨਵਰੀ 2024: ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ (Sumit Nagal) ਦਾ ਆਸਟ੍ਰੇਲੀਅਨ ਓਪਨ 2024 ਵਿੱਚ ਸਫ਼ਰ ਖ਼ਤਮ ਹੋ ਗਿਆ ਹੈ। ਦੂਜੇ ਦੌਰ ‘ਚ ਉਸ ਨੂੰ ਚੀਨੀ ਟੈਨਿਸ ਖਿਡਾਰੀ ਜੁਨਚੇਂਗ ਸ਼ਾਂਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਟੂਰਨਾਮੈਂਟ ਦੇ ਪਹਿਲੇ ਦੌਰ ‘ਚ ਯਾਦਗਾਰ ਜਿੱਤ ਦਰਜ ਕਰਨ ਵਾਲੇ ਨਾਗਲ ਨੂੰ ਚੰਗੀ ਸ਼ੁਰੂਆਤ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨਾ ਪਿਆ।
ਵਾਈਲਡ ਕਾਰਡ ਰਾਹੀਂ ਟੂਰਨਾਮੈਂਟ ‘ਚ ਪ੍ਰਵੇਸ਼ ਕਰਨ ਵਾਲੇ 18 ਸਾਲਾ ਚੀਨੀ ਖਿਡਾਰ ਨੇ ਹੌਲੀ-ਹੌਲੀ ਰਫਤਾਰ ਫੜੀ ਅਤੇ 2-6, 6-3, 7-5, 6-4 ਦੇ ਸਕੋਰ ਨਾਲ ਜਿੱਤ ਦਰਜ ਕੀਤੀ। ਤੀਜੇ ਸੈੱਟ ਤੋਂ ਬਾਅਦ ਸ਼ਾਂਗ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪਹਿਲਾ ਸੈੱਟ ਗੁਆਉਣ ਦੇ ਬਾਵਜੂਦ ਉਹ ਮੈਚ ਜਿੱਤਣ ‘ਚ ਸਫਲ ਰਿਹਾ।
ਦੋ ਘੰਟੇ 50 ਮਿੰਟ ਤੱਕ ਚੱਲੇ ਮੈਚ ਦੇ ਚੌਥੇ ਸੈੱਟ ਵਿੱਚ ਨਾਗਲ ਥੱਕੇ ਹੋਏ ਨਜ਼ਰ ਆਏ। ਉਸਨੇ (Sumit Nagal) ਕੁਆਲੀਫਾਇਰ ਰਾਹੀਂ ਮੁੱਖ ਡਰਾਅ ਵਿੱਚ ਥਾਂ ਬਣਾਉਣ ਅਤੇ ਵਿਸ਼ਵ ਦੇ 27ਵੇਂ ਨੰਬਰ ਦੇ ਖਿਡਾਰੀ ਅਲੈਗਜ਼ੈਂਡਰ ਬੁਬਲਿਕ ‘ਤੇ ਯਾਦਗਾਰ ਜਿੱਤ ਦਰਜ ਕਰਕੇ ਮਹਾਨ ਯਾਦਾਂ ਦੇ ਨਾਲ ਮੈਲਬੋਰਨ ਪਾਰਕ ਛੱਡ ਦਿੱਤਾ।
ਝੱਜਰ, ਹਰਿਆਣਾ ਦੇ ਰਹਿਣ ਵਾਲੇ 26 ਸਾਲਾ ਨਾਗਲ ਨੂੰ 180,000 ਆਸਟ੍ਰੇਲੀਅਨ ਡਾਲਰ ਮਿਲਣਗੇ, ਜੋ ਉਸ ਦੇ ਯਤਨਾਂ ਲਈ ਇੱਕ ਵੱਡਾ ਇਨਾਮ ਹੈ। ਇਹ ਉਹਨਾਂ ਦੇ 2024 ਟੂਰ ਬਜਟ ਦੇ ਇੱਕ ਮਹੱਤਵਪੂਰਨ ਹਿੱਸੇ ਨੂੰ ਕਵਰ ਕਰੇਗਾ।