ਚੰਡੀਗੜ੍ਹ, 13 ਫਰਵਰੀ 2025: Champions Trophy 2025: ਇੰਗਲੈਂਡ ਨੂੰ ਵਨਡੇ ਸੀਰੀਜ਼ ‘ਚ 3-0 ਨਾਲ ਹਰਾਉਣ ਵਾਲੀ ਭਾਰਤੀ ਟੀਮ (Indian team) ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਕੋਈ ਅਭਿਆਸ ਮੈਚ ਨਹੀਂ ਖੇਡੇਗੀ। ਇਹ ਆਈਸੀਸੀ ਟੂਰਨਾਮੈਂਟ 19 ਫਰਵਰੀ ਤੋਂ ਪਾਕਿਸਤਾਨ ਅਤੇ ਦੁਬਈ ‘ਚ ਕਰਵਾਇਆ ਜਾ ਰਿਹਾ ਹੈ | ਟੂਰਨਾਮੈਂਟ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰਨ ਤੋਂ ਬਾਅਦ ਭਾਰਤ ਆਪਣੇ ਸਾਰੇ ਮੈਚ ਦੁਬਈ ‘ਚ ਖੇਡੇਗਾ। ਅਭਿਆਸ ਮੈਚ 14 ਤੋਂ 17 ਫਰਵਰੀ ਤੱਕ ਖੇਡੇ ਜਾਣਗੇ।
ਪਾਕਿਸਤਾਨ ਨੇ ਤਿੰਨ ਸ਼ਾਹੀਨ (ਪਾਕਿਸਤਾਨ ਏ ਟੀਮ) ਟੀਮਾਂ ਦਾ ਐਲਾਨ ਕੀਤਾ ਜੋ ਬੰਗਲਾਦੇਸ਼, ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਰੁੱਧ ਅਭਿਆਸ ਮੈਚ ਖੇਡਣਗੀਆਂ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅਭਿਆਸ ਮੈਚ ਨਾ ਖੇਡਣ ਦਾ ਫੈਸਲਾ ਕੀਤਾ ਹੈ ਕਿਉਂਕਿ ਭਾਰਤ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡ ਰਿਹਾ ਸੀ ਜੋ ਬੁੱਧਵਾਰ ਨੂੰ ਸਮਾਪਤ ਹੋਈ।
ਭਾਰਤੀ ਟੀਮ ਨੂੰ 15 ਫਰਵਰੀ ਨੂੰ ਦੁਬਈ ਪਹੁੰਚਣਾ ਹੈ। ਅਫਗਾਨਿਸਤਾਨ, ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ 14 ਅਤੇ 17 ਫਰਵਰੀ ਨੂੰ ਤਿੰਨ ਅਭਿਆਸ ਮੈਚ ਖੇਡਣਗੇ। ਅਫਗਾਨਿਸਤਾਨ 16 ਫਰਵਰੀ ਨੂੰ ਨਿਊਜ਼ੀਲੈਂਡ ਵਿਰੁੱਧ ਅਭਿਆਸ ਮੈਚ ਵੀ ਖੇਡੇਗਾ।
ਭਾਰਤ (Indian team) ਆਪਣਾ ਪਹਿਲਾ ਲੀਗ ਪੜਾਅ ਮੈਚ 20 ਫਰਵਰੀ ਨੂੰ ਬੰਗਲਾਦੇਸ਼ ਵਿਰੁੱਧ ਖੇਡੇਗਾ। ਇਸ ਤੋਂ ਬਾਅਦ, 23 ਫਰਵਰੀ ਨੂੰ ਪਾਕਿਸਤਾਨ ਵਿਰੁੱਧ ਮੈਚ ਤੋਂ ਬਾਅਦ, ਭਾਰਤੀ ਨੂੰ ਸੱਤ ਦਿਨ ਦਾ ਆਰਾਮ ਮਿਲੇਗਾ। ਇਸ ਤੋਂ ਬਾਅਦ, ਭਾਰਤੀ ਟੀਮ 2 ਮਾਰਚ ਨੂੰ ਨਿਊਜ਼ੀਲੈਂਡ ਦਾ ਸਾਹਮਣਾ ਕਰੇਗੀ।
ਭਾਰਤ ਨੇ ਆਖਰੀ ਵਾਰ 2013 ‘ਚ ਚੈਂਪੀਅਨਜ਼ ਟਰਾਫੀ ਜਿੱਤੀ ਸੀ, ਜਦੋਂ ਮਹਿੰਦਰ ਸਿੰਘ ਧੋਨੀ ਟੀਮ ਦੇ ਕਪਤਾਨ ਸਨ। 2002 ‘ਚ ਫਾਈਨਲ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਉਦੋਂ ਭਾਰਤ ਅਤੇ ਸ਼੍ਰੀਲੰਕਾ ਸਾਂਝੇ ਜੇਤੂ ਸਨ। ਭਾਰਤੀ ਟੀਮ ਕੁੱਲ ਚਾਰ ਵਾਰ ਫਾਈਨਲ ‘ਚ ਪਹੁੰਚੀ ਹੈ। 2013 ਅਤੇ 2002 ਤੋਂ ਇਲਾਵਾ, ਇਹ 2000 ਅਤੇ 2017 ‘ਚ ਹੋਇਆ।