ਸਪੋਰਟਸ,14 ਅਗਸਤ 2025: ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਭਾਰਤੀ ਕ੍ਰਿਕਟ ਟੀਮ ਨੂੰ ਏਸ਼ੀਆ ਕੱਪ 2025 ‘ਚ ਪਾਕਿਸਤਾਨ ਖਿਲਾਫ਼ ਨਾ ਖੇਡਣ ਦੀ ਅਪੀਲ ਕੀਤੀ ਹੈ। ਹਾਲ ਹੀ ‘ਚ ਹੋਈ ਵਿਸ਼ਵ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ ‘ਚ ਹਰਭਜਨ ਸਿੰਘ, ਕਪਤਾਨ ਯੁਵਰਾਜ ਸਿੰਘ ਅਤੇ ਸ਼ਿਖਰ ਧਵਨ ਵਰਗੇ ਖਿਡਾਰੀਆਂ ਨੇ ਪਾਕਿਸਤਾਨ ਚੈਂਪੀਅਨਜ਼ ਟੀਮ ਵਿਰੁੱਧ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ।
ਸਾਬਕਾ ਕ੍ਰਿਕਟਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ। ਅਸੀਂ ਉਨ੍ਹਾਂ ਨੂੰ ਇੰਨਾ ਮਹੱਤਵ ਕਿਉਂ ਦਿੰਦੇ ਹਾਂ? ਏਸ਼ੀਆ ਕੱਪ ਯੂਏਈ ‘ਚ ਹੋ ਰਿਹਾ ਹੈ ਅਤੇ ਟੂਰਨਾਮੈਂਟ 9 ਸਤੰਬਰ ਤੋਂ ਸ਼ੁਰੂ ਹੋਵੇਗਾ। ਭਾਰਤ-ਪਾਕਿਸਤਾਨ ਮੈਚ 14 ਸਤੰਬਰ ਨੂੰ ਲੀਗ ਪੜਾਅ ‘ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ, ਦੋਵੇਂ ਟੀਮਾਂ ਸੁਪਰ-4 ‘ਚ ਇੱਕ ਵਾਰ ਫਿਰ ਟਕਰਾਉਣਗੀਆਂ। ਜੇਕਰ ਭਾਰਤ ਅਤੇ ਪਾਕਿਸਤਾਨ ਦੋਵੇਂ ਫਾਈਨਲ ‘ਚ ਪਹੁੰਚਦੇ ਹਨ, ਤਾਂ ਤੀਜੀ ਵਾਰ ਦੋਵਾਂ ਵਿਚਕਾਰ ਮੈਚ ਹੋਵੇਗਾ।
ਹਰਭਜਨ ਸਿੰਘ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਟੀਮ ਨੂੰ ਸਮਝਣਾ ਪਵੇਗਾ ਕਿ ਕੀ ਮਹੱਤਵਪੂਰਨ ਹੈ ਅਤੇ ਕੀ ਨਹੀਂ। ਸਾਡੀ ਸਰਹੱਦ ‘ਤੇ ਖੜ੍ਹੇ ਫੌਜੀ ਜਵਾਨ, ਜਿਨ੍ਹਾਂ ਦੇ ਪਰਿਵਾਰ ਉਨ੍ਹਾਂ ਨੂੰ ਮਹੀਨਿਆਂ ਤੱਕ ਨਹੀਂ ਦੇਖ ਪਾਉਂਦੇ, ਕਈ ਵਾਰ ਉਹ ਦੇਸ਼ ਲਈ ਆਪਣੀ ਜਾਨ ਵੀ ਦੇ ਦਿੰਦੇ ਹਨ ਅਤੇ ਵਾਪਸ ਨਹੀਂ ਆਉਂਦੇ, ਉਨ੍ਹਾਂ ਦੀ ਕੁਰਬਾਨੀ ਸਾਡੇ ਲਈ ਬਹੁਤ ਵੱਡੀ ਹੈ। ਇਸ ਦੇ ਮੁਕਾਬਲੇ, ਕ੍ਰਿਕਟ ਮੈਚ ਨਾ ਖੇਡਣਾ ਬਹੁਤ ਛੋਟੀ ਗੱਲ ਹੈ।
ਹਰਭਜਨ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਦਾ ਵੀ ਇਹੀ ਰਵੱਈਆ ਹੈ। ਜਦੋਂ ਸਰਹੱਦ ‘ਤੇ ਤਣਾਅ ਹੁੰਦਾ ਹੈ ਅਤੇ ਦੋਵਾਂ ਦੇਸ਼ਾਂ ਦੇ ਸਬੰਧ ਖਰਾਬ ਹੁੰਦੇ ਹਨ, ਤਾਂ ਕ੍ਰਿਕਟ ਖੇਡਣਾ ਸਹੀ ਨਹੀਂ ਹੁੰਦਾ। ਜਦੋਂ ਤੱਕ ਇਹ ਵੱਡੇ ਮੁੱਦੇ ਹੱਲ ਨਹੀਂ ਹੋ ਜਾਂਦੇ, ਕ੍ਰਿਕਟ ਬਹੁਤ ਛੋਟੀ ਗੱਲ ਹੈ। ਦੇਸ਼ ਹਮੇਸ਼ਾ ਪਹਿਲਾਂ ਆਉਂਦਾ ਹੈ।
ਹਰਭਜਨ ਸਿੰਘ ਨੇ ਇਹ ਵੀ ਕਿਹਾ ਕਿ ਸਾਡੇ ਭਰਾ ਸਰਹੱਦ ‘ਤੇ ਖੜ੍ਹੇ ਹਨ, ਜੋ ਸਾਨੂੰ ਅਤੇ ਦੇਸ਼ ਨੂੰ ਸੁਰੱਖਿਅਤ ਰੱਖ ਰਹੇ ਹਨ। ਉਨ੍ਹਾਂ ਦੀ ਹਿੰਮਤ ਦੇਖੋ, ਉਹ ਕਿੰਨੇ ਵੱਡੇ ਦਿਲ ਨਾਲ ਦ੍ਰਿੜਤਾ ਨਾਲ ਖੜ੍ਹੇ ਹਨ। ਸੋਚੋ, ਜਦੋਂ ਉਹ ਵਾਪਸ ਨਹੀਂ ਆਉਂਦੇ ਅਤੇ ਅਸੀਂ ਇੱਥੇ ਕ੍ਰਿਕਟ ਖੇਡਣ ਜਾਂਦੇ ਹਾਂ ਤਾਂ ਉਨ੍ਹਾਂ ਦਾ ਪਰਿਵਾਰ ‘ਤੇ ਕੀ ਬੀਤਦਾ ਹੋਣਾ ।
ਜਿਕਰਯੋਗ ਹੈ ਕਿ ਵਰਲਡ ਚੈਂਪੀਅਨਸ਼ਿਪ ਆਫ ਲੈਜੇਂਡਸ (WCL) ‘ਚ ਇੰਡੀਆ ਚੈਂਪੀਅਨਜ਼ ਨੇ ਗਰੁੱਪ ਪੜਾਅ ਅਤੇ ਸੈਮੀਫਾਈਨਲ ‘ਚ ਪਾਕਿਸਤਾਨ ਚੈਂਪੀਅਨਜ਼ ਵਿਰੁੱਧ ਖੇਡਣ ਤੋਂ ਇਨਕਾਰ ਕਰ ਦਿੱਤਾ। ਟੀਮ ਨੇ ਇਹ ਫੈਸਲਾ ਪਹਿਲਗਾਮ ਅੱ.ਤ.ਵਾ.ਦੀ ਹਮਲੇ ਤੋਂ ਬਾਅਦ ਲਿਆ ਸੀ।
Read More: ਕੀ ਏਸ਼ੀਆ ਕੱਪ 2025 ਦਾ ਹਿੱਸਾ ਹੋਣਗੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ?