ਚੰਡੀਗੜ੍ਹ, 10 ਜਨਵਰੀ 2025: ਭਾਰਤੀ ਟੀਮ (Indian Team) ਇਸ ਮਹੀਨੇ ਦੇ ਅੰਤ ‘ਚ ਇੰਗਲੈਂਡ ਖਿਲਾਫ਼ ਟੀ-20 ਅਤੇ ਵਨਡੇ ਸੀਰੀਜ਼ ਖੇਡੇਗੀ, ਜਿਸ ਲਈ ਭਾਰਤੀ ਟੀਮ ਦਾ ਐਲਾਨ ਅਗਲੇ ਕੁਝ ਦਿਨਾਂ ‘ਚ ਕੀਤਾ ਜਾ ਸਕਦਾ ਹੈ। ਭਾਰਤ ਨੂੰ ਅਗਲੇ ਮਹੀਨੇ ਚੈਂਪੀਅਨਜ਼ ਟਰਾਫੀ 2025 ‘ਚ ਵੀ ਹਿੱਸਾ ਲੈਣਾ ਹੈ | ਇਸ ਦੌਰਾਨ ਕੇਐਲ ਰਾਹੁਲ (KL Rahul) ਨੂੰ ਇੰਗਲੈਂਡ ਵਿਰੁੱਧ ਸੀਮਤ ਓਵਰਾਂ ਦੀ ਲੜੀ ਤੋਂ ਆਰਾਮ ਦਿੱਤਾ ਜਾ ਸਕਦਾ ਹੈ।
ਭਾਰਤ ਅਤੇ ਇੰਗਲੈਂਡ (Indian vs England) ਵਿਚਾਲੇ 22 ਜਨਵਰੀ ਤੋਂ ਪੰਜ ਮੈਚਾਂ ਦੀ ਟੀ-20 ਸੀਰੀਜ਼ ਹੋਣੀ ਹੈ। ਇਸ ਤੋਂ ਬਾਅਦ ਦੋਵੇਂ ਟੀਮਾਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣਗੀਆਂ। ਇਸ ਤੋਂ ਬਾਅਦ ਟੀਮ 19 ਫਰਵਰੀ ਤੋਂ ਹਾਈਬ੍ਰਿਡ ਮਾਡਲ ਦੀ ਤਰਜ਼ ‘ਤੇ ਹੋਣ ਵਾਲੀ ਚੈਂਪੀਅਨਜ਼ ਟਰਾਫੀ 2025 ‘ਚ ਹਿੱਸਾ ਲਵੇਗੀ। ਕੇਐਲ ਰਾਹੁਲ ਭਾਵੇਂ ਇੰਗਲੈਂਡ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ਦਾ ਹਿੱਸਾ ਨਾ ਹੋਣ, ਪਰ ਉਹ 50 ਓਵਰਾਂ ਦੇ ਫਾਰਮੈਟ ‘ਚ ਅੱਠ ਟੀਮਾਂ ਵਿਚਕਾਰ ਹੋਣ ਵਾਲੇ ਇਸ ਟੂਰਨਾਮੈਂਟ ਲਈ ਉਪਲਬੱਧ ਹੋਣਗੇ।
ਭਾਰਤ ਨੇ ਚੈਂਪੀਅਨਜ਼ ਟਰਾਫੀ ਲਈ ਆਪਣੀ ਟੀਮ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਭਾਰਤ ਆਪਣੇ ਸਾਰੇ ਮੈਚ ਦੁਬਈ ‘ਚ ਖੇਡੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਇੱਕ ਸੂਤਰ ਦੇ ਹਵਾਲੇ ਨਾਲ ਖ਼ਬਰ ਏਜੰਸੀ ਪੀਟੀਆਈ ਨੇ ਕਿਹਾ ਕਿ ਕੇਐਲ ਰਾਹੁਲ ਨੇ ਇੰਗਲੈਂਡ ਖ਼ਿਲਾਫ਼ ਲੜੀ ਤੋਂ ਬ੍ਰੇਕ ਮੰਗੀ ਹੈ ਪਰ ਉਹ ਚੈਂਪੀਅਨਜ਼ ਟਰਾਫੀ ਲਈ ਚੋਣ ਲਈ ਉਪਲਬੱਧ ਰਹਿਣਗੇ।
ਟਾਈਮਜ਼ ਆਫ਼ ਇੰਡੀਆ ਦੇ ਮੁਤਾਬਕ ਮੱਧਕ੍ਰਮ ਦੇ ਬੱਲੇਬਾਜ਼ ਅਤੇ ਵਿਕਟਕੀਪਰ ਕੇਐਲ ਰਾਹੁਲ ਨੂੰ ਚੋਣ ਕਮੇਟੀ ਨੇ ਭਰੋਸਾ ਦਿੱਤਾ ਹੈ ਕਿ ਉਸਨੂੰ ਫਰਵਰੀ ‘ਚ ਪਾਕਿਸਤਾਨ ਅਤੇ ਯੂਏਈ ‘ਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਟੀਮ ‘ਚ ਚੁਣਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਦਾ ਚੈਂਪੀਅਨਜ਼ ਟਰਾਫੀ ‘ਚ ਸਥਾਨ ਪੱਕਾ ਹੈ। ਇਸੇ ਕਰਕੇ ਰਾਹੁਲ ਨੂੰ ਇੰਗਲੈਂਡ ਸੀਰੀਜ਼ ਤੋਂ ਆਰਾਮ ਦਿੱਤਾ ਹੈ।
ਹਾਲਾਂਕਿ, ਕੇ.ਐੱਲ ਰਾਹੁਲ (KL Rahul) ਹਾਲ ਹੀ ‘ਚ ਭਾਰਤ ਦੀ ਟੀ-20 ਟੀਮ ਦਾ ਹਿੱਸਾ ਨਹੀਂ ਰਿਹਾ ਹੈ। ਉਨਾਂ ਨੇ ਆਪਣਾ ਆਖਰੀ ਟੀ-20 ਸਾਲ 2022 ‘ਚ ਖੇਡਿਆ ਸੀ, ਪਰ ਉਹ ਵਨਡੇ ‘ਚ ਭਾਰਤ ਦਾ ਨੰਬਰ 1 ਵਿਕਟਕੀਪਰ-ਬੱਲੇਬਾਜ਼ ਰਿਹਾ ਹੈ, ਜਿੱਥੇ ਰਾਹੁਲ ਨੇ ਮੱਧ ਕ੍ਰਮ ‘ਚ ਲਗਾਤਾਰ ਦੌੜਾਂ ਬਣਾਈਆਂ ਹਨ।
ਆਸਟ੍ਰੇਲੀਆ ‘ਚ ਹੋਈ ਬਾਰਡਰ-ਗਾਵਸਕਰ ਸੀਰੀਜ਼ ‘ਚ ਕੇਐਲ ਰਾਹੁਲ ਨੂੰ ਸਾਰੇ ਪੰਜ ਟੈਸਟ ਮੈਚਾਂ ‘ਚ ਪਲੇਇੰਗ ਇਲੈਵਨ ‘ਚ ਸ਼ਾਮਲ ਸਨ ਅਤੇ ਰਾਹੁਲ ਨੇ 30.66 ਦੀ ਔਸਤ ਨਾਲ 276 ਦੌੜਾਂ ਬਣਾਈਆਂ। ਜਿਸ ‘ਚ 2 ਅਰਧ ਸੈਂਕੜੇ ਸ਼ਾਮਲ ਹਨ।
Read More: ICC Champions Trophy: 12 ਜਨਵਰੀ ਤੱਕ ਹੋਵੇਗਾ ਭਾਰਤੀ ਟੀਮ ਦਾ ਐਲਾਨ, ਕਿਸਨੂੰ ਮਿਲੇਗੀ ਕਪਤਾਨੀ ?