ਚੰਡੀਗੜ੍ਹ, 14 ਦਸੰਬਰ 2023: ਭਾਰਤੀ ਰੇਲਵੇ (Indian Railways) ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ” ਲਈ ਰੇਲ ਗੱਡੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਕਾਰਨ ਪੰਜਾਬ ਸਰਕਾਰ ਕੁਝ ਸਮੇਂ ਲਈ ਪੰਜਾਬ ਦੇ ਵਾਸੀਆਂ ਨੂੰ ਗੁਰੂਧਾਮਾਂ ਅਤੇ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਨਹੀਂ ਲੈ ਜਾ ਸਕੇਗੀ। ਮਿਲੀ ਜਾਣਕਾਰੀ ਮੁਤਾਬਕ ਰੇਲਵੇ ਨੇ ਪੰਜਾਬ ਸਰਕਾਰ ਨੂੰ ਫਰਵਰੀ ਤੱਕ ਰੇਲ ਗੱਡੀਆਂ ਨਾ ਹੋਣ ਦੀ ਜਾਣਕਾਰੀ ਜ਼ੁਬਾਨੀ ਤੌਰ ‘ਤੇ ਦਿੱਤੀ ਹੈ। ਇਸ ਸਬੰਧੀ ਲਿਖਤੀ ਹੁਕਮ ਆਉਣਾ ਅਜੇ ਬਾਕੀ ਹੈ।
ਰੇਲਵੇ (Indian Railways) ਦਾ ਤਰਕ ਹੈ ਕਿ ਉਨ੍ਹਾਂ ਕੋਲ ਜਨਰੇਟਰਾਂ ਦੀ ਕਮੀ ਹੈ। ਜਿਸ ਕਾਰਨ ਏ.ਸੀ. ਟਰੇਨਾਂ ਦੀ ਉਪਲਬਧਤਾ ਨਹੀਂ ਹੋਵੇਗੀ। ਫਿਲਹਾਲ ਪੰਜਾਬ ਸਰਕਾਰ ਵੱਲੋਂ ਵੀ ਰੇਲਵੇ ਤੋਂ ਲਿਖਤੀ ਹੁਕਮਾਂ ਦੀ ਉਡੀਕ ਕਰ ਰਹੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਨੇ ਵੱਖ-ਵੱਖ ਗੁਰੂਧਾਮਾਂ ਦੇ ਦਰਸ਼ਨਾਂ ਲਈ ਰੇਲਵੇ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਐਡਵਾਂਸ ਦਿੱਤੀ ਹੈ।
ਇਸ ਵੇਲੇ ਪੰਜਾਬ ਸਰਕਾਰ ਵੱਲੋਂ ਸਿਰਫ਼ ਇੱਕ ਰੇਲ ਗੱਡੀ ਚਲਾਈ ਗਈ ਹੈ। ਜਿਸ ਵਿੱਚ 1 ਹਜ਼ਾਰ ਦੇ ਕਰੀਬ ਸ਼ਰਧਾਲੂਆਂ ਨੇ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਦੀ ਯਾਤਰਾ ਕੀਤੀ ਸੀ। ਹਫ਼ਤਾਵਾਰੀ ਟੂਰ ਵਿੱਚ ਯਾਤਰੀਆਂ ਦੇ ਖਾਣ-ਪੀਣ ਤੋਂ ਲੈ ਕੇ ਰਿਹਾਇਸ਼ ਅਤੇ ਦਰਸ਼ਨਾਂ ਤੱਕ ਦੇ ਸਾਰੇ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਨ।
ਐਡਵੋਕੇਟ ਐਚਸੀ ਅਰੋੜਾ ਦੀ ਤਰਫ਼ੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇਸ ਸਕੀਮ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਗਈ ਹੈ। ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ। ਪਟੀਸ਼ਨ ਵਿੱਚ ਐਡਵੋਕੇਟ ਅਰੋੜਾ ਨੇ ਇਸ ਸਕੀਮ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਇਸ ਸਕੀਮ ਨਾਲ ਪੈਸਾ ਬਰਬਾਦ ਕਰ ਰਹੀ ਹੈ, ਜਦਕਿ ਇਸ ਦੀ ਬਜਾਏ ਆਮ ਲੋਕਾਂ ਦੀ ਭਲਾਈ ਲਈ ਸਕੀਮਾਂ ਲਾਗੂ ਕੀਤੀਆਂ ਜਾ ਸਕਦੀਆਂ ਹਨ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਤਹਿਤ ਪਾਵਨ ਅਸਥਾਨ ਸ੍ਰੀ ਹਜ਼ੂਰ ਸਾਹਿਬ (ਨਾਂਦੇੜ), ਤਖਤ ਸ੍ਰੀ ਪਟਨਾ ਸਾਹਿਬ (ਬਿਹਾਰ), ਵਾਰਾਨਸੀ ਮੰਦਿਰ, ਅਯੁੱਧਿਆ ਅਤੇ ਵਰਿੰਦਾਵਨ ਧਾਮ (ਉੱਤਰ ਪ੍ਰਦੇਸ਼), ਸ੍ਰੀ ਅਜਮੇਰ ਸ਼ਰੀਫ਼ (ਰਾਜਸਥਾਨ) ਦੀ ਯਾਤਰਾ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਸਾਲਾਸਰ ਧਾਮ, ਸ੍ਰੀ ਖਾਟੂ ਸ਼ਿਆਮ, ਮਾਤਾ ਚਿੰਤਪੁਰਨੀ, ਮਾਤਾ ਵੈਸ਼ਨੂੰ ਦੇਵੀ, ਮਾਤਾ ਜਵਾਲਾ ਜੀ ਆਦਿ ਅਸਥਾਨਾਂ ਦੀ ਯਾਤਰਾ ਕਰਵਾਈ ਜਾਵੇਗੀ।