Texas

ਟੈਕਸਾਸ ਗੋਲੀਬਾਰੀ ‘ਚ ਭਾਰਤੀ ਮੂਲ ਦੀ ਮਹਿਲਾ ਇੰਜੀਨੀਅਰ ਦੀ ਮੌਤ, ਜੋਅ ਬਿਡੇਨ ਨੇ ਕਾਨੂੰਨ ਬਣਾਉਣ ਲਈ ਮੰਗਿਆ ਸਹਿਯੋਗ

ਚੰਡੀਗੜ੍ਹ, 08 ਮਈ 2023: ਟੈਕਸਾਸ (Texas) ਵਿੱਚ ਸ਼ਨੀਵਾਰ ਨੂੰ ਹੋਈ ਗੋਲੀਬਾਰੀ ਵਿੱਚ ਮਾਰੇ ਗਏ 9 ਜਣਿਆਂ ਵਿੱਚ ਇੱਕ ਭਾਰਤੀ ਮੂਲ ਦੀ ਔਰਤ ਵੀ ਸ਼ਾਮਲ ਸੀ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਉਸ ਦਾ ਨਾਂ ਐਸ਼ਵਰਿਆ ਥਟੀਕੋਂਡਾ (Aishwarya thatikonda) ਸੀ। ਜੋ ਕਿ ਪੇਸ਼ੇ ਤੋਂ ਇੰਜੀਨੀਅਰ ਸੀ ਅਤੇ ਇੱਕ ਪ੍ਰਾਈਵੇਟ ਕੰਪਨੀ ਨਾਲ ਬਤੌਰ ਪ੍ਰੋਜੈਕਟ ਮੈਨੇਜਰ ਜੁੜੀ ਹੋਈ ਸੀ। ਜਿਸ ਸਮੇਂ ਹਮਲਾਵਰ ਨੇ ਗੋਲੀਬਾਰੀ ਕੀਤੀ, ਉਸ ਸਮੇਂ ਐਸ਼ਵਰਿਆ ਆਪਣੀ ਦੋਸਤ ਨਾਲ ਮਾਲ ‘ਚ ਸ਼ਾਪਿੰਗ ਕਰਨ ਗਈ ਹੋਈ ਸੀ।

ਐਸ਼ਵਰਿਆ ਦਾ ਪਰਿਵਾਰ ਹੈਦਰਾਬਾਦ ਦਾ ਰਹਿਣ ਵਾਲਾ ਹੈ। ਨਿਊਜ਼ ਏਜੰਸੀ ਏਐਨਆਈ ਦੇ ਮੁਤਾਬਕ ਐਸ਼ਵਰਿਆ ਦੇ ਦੋਸਤ ਨੂੰ ਵੀ ਗੋਲੀ ਲੱਗੀ ਹੈ। ਹਾਲਾਂਕਿ ਉਹ ਹੁਣ ਖਤਰੇ ਤੋਂ ਬਾਹਰ ਹੈ। ਪਰਿਵਾਰ ਹੁਣ ਐਸ਼ਵਰਿਆ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਦੀ ਤਿਆਰੀ ਕਰ ਰਿਹਾ ਹੈ।

ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ 9 ਜਣਿਆਂ ਦਾ ਕਤਲ ਕਰਨ ਵਾਲੇ ਹਮਲਾਵਰ ਦੀ ਪਛਾਣ ਕਰ ਲਈ ਗਈ ਹੈ। ਉਸ ਦਾ ਨਾਂ ਮੋਰਸਿਓ ਗਾਰਸਿਆ ਦੱਸਿਆ ਜਾ ਰਿਹਾ ਹੈ। ਉਸ ਦੇ ਕੱਪੜਿਆਂ ‘ਤੇ ਕੁਝ ਬੈਜ ਹੋਣ ਕਾਰਨ ਉਸ ਨੂੰ ਨਾਜ਼ੀ ਸਮਰਥਕ ਕਿਹਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਇਸ ਮਾਮਲੇ ਦੀ ਰੰਗਭੇਦ ਦੇ ਕੋਣ ਤੋਂ ਵੀ ਜਾਂਚ ਕਰ ਰਹੀ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲਾਵਰ ਕੋਲ ਕਈ ਤਰ੍ਹਾਂ ਦੇ ਹਥਿਆਰ ਸਨ। ਹਮਲੇ ਵਿੱਚ ਵਰਤੀ ਗਈ ਬੰਦੂਕ ਤੋਂ ਇਲਾਵਾ ਉਸ ਕੋਲ 5 ਹੋਰ ਬੰਦੂਕਾਂ ਵੀ ਸਨ।

ਟੈਕਸਾਸ (Texas) ਗੋਲੀਬਾਰੀ ਤੋਂ ਬਾਅਦ ਰਾਸ਼ਟਰਪਤੀ ਜੋਅ ਬਿਡੇਨ ਨੇ ਕਿਹਾ ਕਿ ਅਜਿਹੀ ਗੋਲੀਬਾਰੀ ਸਾਡੇ ਦੇਸ਼ ਨੂੰ ਤਬਾਹ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਕਿਹਾ ਹੈ ਕਿ ਉਹ ਬੰਦੂਕ ਕੰਟਰੋਲ ਸਬੰਧੀ ਕਾਨੂੰਨ ਬਣਾਉਣ ਵਿੱਚ ਉਨ੍ਹਾਂ ਦਾ ਸਹਿਯੋਗ ਕਰਨ।

 

Scroll to Top