ਚੰਗੀਗੜ੍ਹ, 10 ਜੂਨ 2023: ਹਿੰਦ ਮਹਾਸਾਗਰ ‘ਚ ਚੀਨ ਦੇ ਵਧਦੇ ਦਖਲ ਦਾ ਮੁਕਾਬਲਾ ਕਰਨ ਲਈ ਭਾਰਤੀ ਜਲ ਸੈਨਾ (Indian Navy) ਨੇ ਸ਼ਨੀਵਾਰ ਨੂੰ ਅਰਬ ਸਾਗਰ ‘ਚ ਸਭ ਤੋਂ ਵੱਡਾ ਅਭਿਆਸ ਕੀਤਾ ਹੈ । ਪਹਿਲੀ ਵਾਰ ਜਲ ਸੈਨਾ ਨੇ ਆਪਣੇ ਦੋਵੇਂ ਏਅਰਕ੍ਰਾਫਟ ਕੈਰੀਅਰ ਆਈਐਨਐਸ ਵਿਕਰਮਾਦਿਤਿਆ ਅਤੇ ਆਈਐਨਐਸ ਵਿਕਰਾਂਤ ਨੂੰ ਸਮੁੰਦਰ ਵਿੱਚ ਇਕੱਠੇ ਉਤਾਰਿਆ ਹੈ | ਇਨ੍ਹਾਂ ਜਹਾਜ਼ਾਂ ਤੋਂ ਮਿਗ-29 ਕੇ ਸਮੇਤ 35 ਲੜਾਕੂ ਜਹਾਜ਼ਾਂ ਨੇ ਵੀ ਉਡਾਨ ਭਰੀ | ਇਸ ਦੇ ਨਾਲ ਹੀ ਸਮੁੰਦਰ ਦੇ ਅੰਦਰ ਆਪਣੀ ਤਾਕਤ ਦਿਖਾਉਣ ਲਈ ਭਾਰਤੀ ਜਲ ਸੈਨਾ ਨੇ ਪਣਡੁੱਬੀ ਦਾ ਵੀ ਪ੍ਰੀਖਣ ਕੀਤਾ।
ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਜਲ ਸੈਨਾ (Indian Navy) ਦਾ ਇਹ ਸਭ ਤੋਂ ਵੱਡਾ ਅਭਿਆਸ ਹੈ। ਮਿਗ ਤੋਂ ਇਲਾਵਾ ਭਾਰਤੀ ਫੌਜ ਦੇ ਹੈਲੀਕਾਪਟਰ MH60R, ਕਾਮੋਵ, ਸੀ-ਕਿੰਗ, ਚੇਤਕ ਅਤੇ ALH ਨੇ ਵੀ ਉਡਾਣ ਭਰੀ। ਇਸ ਤੋਂ ਇਲਾਵਾ ਰਾਤ ਨੂੰ ਵੀ ਲੜਾਕੂ ਜਹਾਜ਼ਾਂ ਨੇ ਏਅਰਕ੍ਰਾਫਟ ਕੈਰੀਅਰ ਤੋਂ ਉਡਾਣ ਭਰੀ। ਭਾਰਤੀ ਜਲ ਸੈਨਾ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ ਕਿ ਭਾਰਤੀ ਜਲ ਸੈਨਾ ਨੇ ਇਹ ਅਭਿਆਸ ਆਪਣੇ ਰਾਸ਼ਟਰੀ ਹਿੱਤਾਂ ਦੀ ਸੁਰੱਖਿਆ, ਖੇਤਰੀ ਸਥਿਰਤਾ ਅਤੇ ਸਮੁੰਦਰੀ ਸਰਹੱਦ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਹੈ।
ਆਈਐਨਐਸ ਵਿਕਰਾਂਤ ਜੋ 31 ਜਨਵਰੀ 1997 ਨੂੰ ਜਲ ਸੈਨਾ ਤੋਂ ਸੇਵਾਮੁਕਤ ਹੋਇਆ ਸੀ, ਉਸਨੂੰ ਨੂੰ 25 ਸਾਲਾਂ ਬਾਅਦ ਜਲ ਸੈਨਾ ਵਿੱਚ ਦੁਬਾਰਾ ਸ਼ਾਮਲ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਸਤੰਬਰ 2022 ਨੂੰ ਦੇਸ਼ ਵਿੱਚ ਬਣੇ ਇਸ ਸਭ ਤੋਂ ਵੱਡੇ ਜੰਗੀ ਬੇੜੇ ਨੂੰ ਜਲ ਸੈਨਾ ਨੂੰ ਸਮਰਪਿਤ ਕੀਤਾ ਸੀ | ਜਿਕਰਯੋਗ ਹੈ ਕਿ 1971 ਦੀ ਜੰਗ ਵਿੱਚ ਆਈਐਨਐਸ ਵਿਕਰਾਂਤ ਨੇ ਆਪਣੇ ਸੀਹਾਕ ਲੜਾਕੂ ਜਹਾਜ਼ਾਂ ਨਾਲ ਬੰਗਲਾਦੇਸ਼ ਵਿੱਚ ਚਟਗਾਉਂ, ਕਾਕਸ ਬਾਜ਼ਾਰ ਅਤੇ ਖੁੱਲਨਾ ਵਿੱਚ ਦੁਸ਼ਮਣ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ ।