ਚੰਡੀਗੜ੍ਹ 17 ਜੂਨ 2024: ਭਾਰਤੀ ਜਲ ਫੌਜ (Indian Navy) ‘ਪ੍ਰੋਜੈਕਟ 75 ਇੰਡੀਆ (P75I)’ ਦੇ ਤਹਿਤ ਸਪੇਨ ਵਿੱਚ ਅਤਿ-ਆਧੁਨਿਕ ਉਪਕਰਨਾਂ ਦਾ ਪ੍ਰੀਖਣ ਕਰਨ ਜਾ ਰਹੀ ਹੈ। ਸਪੇਨ ਦੀ ਜਹਾਜ਼ ਬਣਾਉਣ ਵਾਲੀ ਕੰਪਨੀ ਨਵੰਤੀਆ ਮੁਤਾਬਕ ਇਸ ਪ੍ਰੀਖਣ ਤੋਂ ਬਾਅਦ ਭਾਰਤੀ ਜਲ ਫੌਜ ਆਪਣੇ ਬੇੜੇ ਵਿੱਚ ਛੇ ਆਧੁਨਿਕ ਪਣਡੁੱਬੀਆਂ ਸ਼ਾਮਲ ਕਰੇਗੀ।
ਚੇਅਰਮੈਨ ਰਿਕਾਰਡੋ ਡੋਮਿੰਗੁਏਜ਼ ਗਾਰਸੀਆ ਬਾਕੁਏਰੋ ਦਾ ਕਹਿਣਾ ਹੈ ਕਿ ਸਪੇਨ ਦੀ ਸਰਕਾਰ ਅਤੇ ਜਲ ਫੌਜ P75I ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਅਤੇ ਇਸ ਪ੍ਰੋਜੈਕਟ ਵਿੱਚ ਭਾਰਤ ਦੀ ਹਰ ਤਰ੍ਹਾਂ ਨਾਲ ਮੱਦਦ ਕਰਨਾ ਚਾਹੁੰਦੇ ਹਨ। ਇਸ ਸਕੀਮ ਤਹਿਤ ਭਾਰਤ ਸਰਕਾਰ ਨਾਲ ਇਕਰਾਰਨਾਮਾ ਕੀਤਾ ਜਾਵੇਗਾ। ਨਵੰਤੀਆ ਮੁਖੀ ਨੇ ਕਿਹਾ ਕਿ ਜੂਨ ਦੇ ਆਖ਼ਰੀ ਹਫ਼ਤੇ ਤੋਂ ਭਾਰਤੀ ਜਲ ਫੌਜ ਕਾਰਟਾਜੇਨਾ ਦੇ ਸ਼ਿਪਯਾਰਡ ‘ਤੇ ਏਅਰ ਇੰਡੀਪੈਂਡੈਂਟ ਪ੍ਰੋਪਲਸ਼ਨ (ਏਆਈਪੀ) ਟਰਾਇਲ ਸ਼ੁਰੂ ਕਰੇਗੀ।
ਟਰਾਇਲ ਦੌਰਾਨ ਭਾਰਤੀ ਜਲ ਫੌਜ (Indian Navy) ਨੂੰ ਵਿਸ਼ਵ ਪੱਧਰੀ ਏਆਈਪੀ ਤਕਨੀਕ ਮੁਹੱਈਆ ਕਰਵਾਈ ਜਾਵੇਗੀ। ਅੱਗੇ ਦੱਸਿਆ ਗਿਆ ਕਿ ਭਾਰਤੀ ਜਲ ਸੈਨਾ ਏਆਈਪੀ ਤਕਨੀਕ ਨਾਲ ਲੈਸ ਛੇ ਪਣਡੁੱਬੀਆਂ ਹਾਸਲ ਕਰੇਗੀ। ਇਸ ਤਕਨੀਕ ਦੀ ਮੱਦਦ ਨਾਲ ਪਣਡੁੱਬੀਆਂ ਲੰਬੇ ਸਮੇਂ ਤੱਕ ਪਾਣੀ ਦੇ ਅੰਦਰ ਰਹਿ ਸਕਦੀਆਂ ਹਨ।
ਲਗਭਗ 60 ਹਜ਼ਾਰ ਕਰੋੜ ਰੁਪਏ ਦੇ ਇਸ ਪ੍ਰੋਜੈਕਟ ਵਿੱਚ ਐਲਐਂਡਟੀ ਅਤੇ ਨਵੰਤੀਆ ਦੇ ਨਾਲ-ਨਾਲ ਜਰਮਨੀ ਦੀ ਥਾਈਸਨਕਰੂਪ ਮਰੀਨ ਸਿਸਟਮ ਅਤੇ ਭਾਰਤ ਦੀ ਮਜ਼ਗਾਂਵ ਡੌਕਯਾਰਡਜ਼ ਲਿਮਟਿਡ ਵੀ ਸ਼ਾਮਲ ਹਨ।