ਮੂਸੇਵਾਲਾ

ਸਿੱਧੂ ਮੂਸੇਵਾਲਾ ਦੇ ਪਰਿਵਾਰ ‘ਤੇ ਲਾਗੂ ਨਹੀਂ ਹੋਵੇਗਾ ਭਾਰਤੀ ਕਾਨੂੰਨ, ਪੰਜਾਬ ਸਰਕਾਰ ਵੱਲੋਂ ਸਿਹਤ ਸਕੱਤਰ ਨੂੰ ਨੋਟਿਸ ਜਾਰੀ

ਚੰਡੀਗੜ੍ਹ, 21 ਮਾਰਚ 2024: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ (58) ਅਤੇ ਪਿਓ ਬਲਕੌਰ ਸਿੰਘ ਉਮਰ ਕਰੀਬ 60 ਸਾਲ ਮਾਤਾ-ਪਿਤਾ ਬਣੇ ਹਨ। ਮਾਤਾ ਚਰਨ ਕੌਰ ਨੇ 17 ਮਾਰਚ ਨੂੰ ਇਨ ਵਿਟਰੋ ਫਰਟੀਲਾਈਜ਼ੇਸ਼ਨ (ਆਈਵੀਐਫ) ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ। ਉਨ੍ਹਾਂ ਨੇ ਇਸ ਤਕਨੀਕ ਦੀ ਵਰਤੋਂ ਵਿਦੇਸ਼ਾਂ ਵਿੱਚ ਕੀਤੀ। ਇਸ ਦੀ ਪੁਸ਼ਟੀ ਮੂਸੇਵਾਲਾ ਦੇ ਚਾਚਾ ਚਮਕੌਰ ਸਿੰਘ ਨੇ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ 3 ਮਹੀਨੇ ਤੱਕ ਵਿਦੇਸ਼ ਚੱਲੀ। ਵਿਦੇਸ਼ ਤੋਂ ਪਰਤਣ ਤੋਂ ਬਾਅਦ ਉਸ ਨੇ ਸਰਕਾਰੀ ਹਸਪਤਾਲ ਵਿੱਚ ਆਪਣੀ ਰਜਿਸਟ੍ਰੇਸ਼ਨ ਵੀ ਕਰਵਾਈ ਸੀ। ਭਾਰਤ ਵਿੱਚ ਸੈਕਸ਼ਨ 21(G)(i) ਅਸਿਸਟਿਡ ਰੀਪ੍ਰੋਡਕਟਿਵ ਟੈਕਨਾਲੋਜੀ ਰੈਗੂਲੇਸ਼ਨ ਐਕਟ 2021 ਦੇ ਤਹਿਤ, ਬੱਚਾ ਪੈਦਾ ਕਰਨ ਲਈ, ਬੀਬੀ ਦੀ ਉਮਰ 21 ਤੋਂ 50 ਸਾਲ ਅਤੇ ਮਰਦਾਂ ਦੀ ਉਮਰ 21 ਤੋਂ 55 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਜਦੋਂ ਕਿ ਵਿਦੇਸ਼ਾਂ ਵਿੱਚ 50 ਸਾਲ ਤੋਂ ਵੱਧ ਉਮਰ ਦੀਆਂ ਬੀਬੀਆਂ ਵੀ ਆਈਵੀਐਫ ਤਕਨੀਕ ਦੀ ਵਰਤੋਂ ਕਰ ਸਕਦੀਆਂ ਹਨ।

ਮਾਹਰਾਂ ਅਨੁਸਾਰ 2022 ਵਿੱਚ ਪਾਸ ਕੀਤੇ ਗਏ ਕਾਨੂੰਨ ਮੁਤਾਬਕ ਜੇਕਰ ਕੋਈ ਵਿਦੇਸ਼ ਵਿੱਚ ਗਰਭਵਤੀ ਹੋ ਜਾਂਦੀ ਹੈ ਤਾਂ ਉਸ ਦੀ ਭਾਰਤ ਵਿੱਚ ਡਿਲੀਵਰੀ ਸੰਭਵ ਹੈ। ਇਹੀ ਕਾਰਨ ਹੈ ਕਿ ਮੂਸੇਵਾਲਾ ਦੇ ਪਰਿਵਾਰ ਨੇ ਵਿਦੇਸ਼ਾਂ ‘ਚ ਇਸ ਤਕਨੀਕ ਨੂੰ ਅਪਣਾਇਆ। ਅਜਿਹੇ ‘ਚ ਭਾਰਤੀ ਕਾਨੂੰਨ ਉਨ੍ਹਾਂ ‘ਤੇ ਲਾਗੂ ਨਹੀਂ ਹੋਵੇਗਾ।

ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਰਾਜ ਦੇ ਪ੍ਰਮੁੱਖ ਸਿਹਤ ਸਕੱਤਰ ਅਜੋਏ ਸ਼ਰਮਾ ਨੂੰ ਨੋਟਿਸ ਜਾਰੀ ਕੀਤਾ ਹੈ। ਉਸ ਤੋਂ ਜਵਾਬ ਮੰਗਿਆ ਗਿਆ ਹੈ ਕਿ ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੁੱਖ ਸਕੱਤਰ ਅਨੁਰਾਗ ਵਰਮਾ ਦੇ ਧਿਆਨ ਵਿਚ ਲਿਆਏ ਬਿਨਾਂ ਬਲਕੌਰ ਸਿੰਘ ਅਤੇ ਉਸ ਦੇ ਪਰਿਵਾਰ ਤੋਂ ਜਾਣਕਾਰੀ ਕਿਵੇਂ ਮੰਗੀ। ਉਨ੍ਹਾਂ ਨੂੰ ਇਹ ਜਵਾਬ 2 ਹਫ਼ਤਿਆਂ ਵਿੱਚ ਦੇਣਾ ਹੋਵੇਗਾ ਨਹੀਂ ਤਾਂ ਅਨੁਨਸ਼ਾਸਨੀ ਕਾਰਵਾਈ ਕੀਤੀ ਜਾਵੇਗੀ |

Scroll to Top