ਦੇਸ਼, 17 ਜੁਲਾਈ 2025: ਯਮਨ ‘ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੇ ਮਾਮਲੇ ‘ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਨਿਮਿਸ਼ਾ ਪ੍ਰਿਆ ਦੀ ਮੱਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਅਸੀਂ ਕਾਨੂੰਨੀ ਮੱਦਦ ਪ੍ਰਦਾਨ ਕੀਤੀ ਹੈ ਅਤੇ ਉਸ ਦੇ ਪਰਿਵਾਰ ਦੀ ਸਹਾਇਤਾ ਲਈ ਇੱਕ ਵਕੀਲ ਵੀ ਨਿਯੁਕਤ ਕੀਤਾ ਹੈ। ਅਸੀਂ ਸਥਾਨਕ ਅਧਿਕਾਰੀਆਂ ਅਤੇ ਉਸ ਦੇ ਪਰਿਵਾਰ ਨਾਲ ਸੰਪਰਕ ‘ਚ ਹਾਂ ਤਾਂ ਜੋ ਇਸ ਮਾਮਲੇ ਦਾ ਹੱਲ ਲੱਭਿਆ ਜਾ ਸਕੇ।’
ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ‘ਚ ਪੀੜਤ ਪਰਿਵਾਰ ਨੂੰ ਹੋਰ ਸਮਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਉਹ ਦੂਜੀ ਧਿਰ ਨਾਲ ਆਪਸੀ ਸਮਝੌਤੇ ‘ਤੇ ਪਹੁੰਚ ਸਕਣ। ਭਾਰਤ ਸਰਕਾਰ ਇਸ ਮਾਮਲੇ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ ਅਤੇ ਭਵਿੱਖ ‘ਚ ਹਰ ਸੰਭਵ ਤਰੀਕੇ ਨਾਲ ਮੱਦਦ ਕਰਦੀ ਰਹੇਗੀ। ਇਸ ਤੋਂ ਇਲਾਵਾ, ਸਰਕਾਰ ਇਸ ਮਾਮਲੇ ‘ਚ ਕੁਝ ਦੋਸਤਾਨਾ ਦੇਸ਼ਾਂ ਦੇ ਸੰਪਰਕ ‘ਚ ਵੀ ਹੈ।
ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਨਾਟੋ ਸਕੱਤਰ ਜਨਰਲ ਮਾਰਕ ਰੁਟੇ ਦੀ ਟਿੱਪਣੀ ਦਾ ਵੀ ਜਵਾਬ ਦਿੱਤਾ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਨੂੰ ਸੈਕੰਡਰੀ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ‘ਤੇ ਰਣਧੀਰ ਜੈਸਵਾਲ ਨੇ ਕਿਹਾ, ‘ਅਸੀਂ ਇਸ ਵਿਸ਼ੇ ‘ਤੇ ਖ਼ਬਰਾਂ ਦੇਖੀਆਂ ਹਨ ਅਤੇ ਸਾਰੀ ਪ੍ਰਗਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਭਾਰਤ ਦੇ ਲੋਕਾਂ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਇਸ ਦਿਸ਼ਾ ‘ਚ, ਅਸੀਂ ਬਾਜ਼ਾਰ ‘ਚ ਉਪਲਬਧ ਵਿਕਲਪਾਂ ਅਤੇ ਵਿਸ਼ਵਵਿਆਪੀ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ ਫੈਸਲੇ ਲੈਂਦੇ ਹਾਂ।’
ਵਿਦੇਸ਼ ਮੰਤਰਾਲੇ ਨੇ ਕਿਹਾ, ‘ਇਸ ਸਾਲ 20 ਜਨਵਰੀ ਤੋਂ ਕੱਲ੍ਹ ਤੱਕ ਲਗਭਗ 1563 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਭਾਰਤੀ ਨਾਗਰਿਕ ਵਪਾਰਕ ਉਡਾਣਾਂ ਰਾਹੀਂ ਆਏ ਹਨ’।
Read More: Nimisha Priya: ਯਮਨ ‘ਚ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਮੌ.ਤ ਦੀ ਸਜ਼ਾ ਮੁਲਤਵੀ