June 24, 2024 1:36 am
Iran

ਭਾਰਤ ਸਰਕਾਰ ਨੇ ਇਰਾਨ ‘ਚ ਨਜ਼ਰਬੰਦ 40 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਨ ਦੀ ਕੀਤੀ ਮੰਗ

ਚੰਡੀਗੜ੍ਹ, 15 ਮਈ, 2024: ਈਰਾਨ (Iran) ਵਿੱਚ ਪਿਛਲੇ ਅੱਠ ਮਹੀਨਿਆਂ ਤੋਂ ਨਜ਼ਰਬੰਦ 40 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਦਰਅਸਲ ਭਾਰਤ ਨੇ ਈਰਾਨ ਨੂੰ 40 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਨ ਲਈ ਕਿਹਾ ਹੈ। ਜਿਕਰਯੋਗ ਹੈ ਕਿ ਪਿਛਲੇ ਅੱਠ ਮਹੀਨਿਆਂ ਵਿੱਚ ਇਨ੍ਹਾਂ ਮਛੇਰਿਆਂ ਨੂੰ ਫਾਰਸ ਦੀ ਖਾੜੀ ਤੋਂ ਚਾਰ ਵੱਖ-ਵੱਖ ਵਪਾਰਕ ਜਹਾਜ਼ਾਂ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਭਾਰਤ ਦੇ ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਤਹਿਰਾਨ ਵਿੱਚ ਇੱਕ ਬੈਠਕ ਦੌਰਾਨ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ-ਅਬਦੁੱਲਾਯਾਨ ਨੂੰ ਮਛੇਰਿਆਂ ਨੂੰ ਰਿਹਾਅ ਕਰਨ ਦੀ ਬੇਨਤੀ ਕੀਤੀ।

ਜਿਕਰਯੋਗ ਹੈ ਕਿ ਕੇਂਦਰੀ ਮੰਤਰੀ ਸੋਨੋਵਾਲ ਤਹਿਰਾਨ ‘ਚ ਸਨ, ਜਿੱਥੇ ਭਾਰਤ ਨੇ ਚਾਬਹਾਰ ਬੰਦਰਗਾਹ ਨੂੰ ਚਲਾਉਣ ਲਈ 10 ਸਾਲ ਦੇ ਸਮਝੌਤੇ ‘ਤੇ ਦਸਤਖਤ ਕੀਤੇ ਸਨ। ਇਹ ਬੰਦਰਗਾਹ ਮੱਧ ਏਸ਼ੀਆ ਨਾਲ ਭਾਰਤ ਦੇ ਵਪਾਰ ਨੂੰ ਵਧਾਉਣ ਵਿੱਚ ਮੱਦਦ ਕਰੇਗੀ। ਸੋਨੋਵਾਲ ਅਤੇ ਅਬਦੁੱਲਾਯਾਨ ਵਿਚਾਲੇ ਹੋਈ ਬੈਠਕ ‘ਚ ਦੁਵੱਲੇ ਮੁੱਦਿਆਂ ‘ਤੇ ਚਰਚਾ ਹੋਈ।

ਬੈਠਕ ਦੌਰਾਨ ਕੇਂਦਰੀ ਮੰਤਰੀ ਨੇ ਇਰਾਨ (Iran) ਦੇ ਵਿਦੇਸ਼ ਮੰਤਰੀ ਨੂੰ ਬੰਧਕ ਬਣਾਏ ਭਾਰਤੀ ਮਛੇਰਿਆਂ ਦੀ ਰਿਹਾਈ ਲਈ ਬੇਨਤੀ ਕੀਤੀ। ਇਸ ਦੇ ਜਵਾਬ ‘ਚ ਅਬਦੁੱਲਾਯਾਨ ਨੇ ਕਿਹਾ ਕਿ ਈਰਾਨ ਵਲੋਂ ਭਾਰਤੀ ਮਛੇਰਿਆਂ ਦੀ ਰਿਹਾਈ ‘ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਕਾਨੂੰਨੀ ਮਾਮਲਿਆਂ ਕਾਰਨ ਰਿਹਾਈ ਵਿੱਚ ਦੇਰੀ ਹੋਈ ਹੈ।