ਸਪੋਰਟਸ, 22 ਅਗਸਤ 2025: ਭਾਰਤ ਸਰਕਾਰ ਨੇ 9 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਲਈ ਵੀਰਵਾਰ ਨੂੰ ਇਜਾਜ਼ਤ ਦੇ ਦਿੱਤੀ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਬਹੁ-ਰਾਸ਼ਟਰੀ ਟੂਰਨਾਮੈਂਟਾਂ ‘ਚ ਪਾਕਿਸਤਾਨ ਨਾਲ ਖੇਡਣ ‘ਤੇ ਕੋਈ ਪਾਬੰਦੀ ਨਹੀਂ ਹੈ। ਦੋਵਾਂ ਦੇਸ਼ਾਂ ਵਿਚਾਲੇ ਕੋਈ ਦੁਵੱਲੀ ਸੀਰੀਜ਼ ਨਹੀਂ ਹੋਵੇਗੀ।
ਖੇਡ ਮੰਤਰਾਲੇ ਦੇ ਇੱਕ ਪੱਤਰ ਮੁਤਾਬਕ ਇਹ ਭਾਰਤ ਸਰਕਾਰ ਦੀ ਨਵੀਂ ਖੇਡ ਨੀਤੀ ਹੈ, ਜੋ ਵੀਰਵਾਰ ਨੂੰ ਹੀ ਜਾਰੀ ਕੀਤੀ ਹੈ। ਇਸਦੇ ਤਹਿਤ ਅੰਤਰਰਾਸ਼ਟਰੀ ਅਤੇ ਬਹੁ-ਰਾਸ਼ਟਰੀ ਸਮਾਗਮਾਂ (ਭਾਰਤ ‘ਚ ਹੋਵੇ ਜਾਂ ਵਿਦੇਸ਼ ‘ਚ), ਭਾਰਤ ਅੰਤਰਰਾਸ਼ਟਰੀ ਖੇਡ ਸੰਗਠਨਾਂ ਦੇ ਨਿਯਮਾਂ ਅਤੇ ਆਪਣੇ ਖਿਡਾਰੀਆਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖਦੇ ਹੋਏ ਫੈਸਲੇ ਲਵੇਗਾ।
ਭਾਰਤੀ ਟੀਮਾਂ ਅਤੇ ਖਿਡਾਰੀ ਰਾਸ਼ਟਰਮੰਡਲ ਖੇਡਾਂ, ਓਲੰਪਿਕ, ਕ੍ਰਿਕਟ, ਹਾਕੀ ਵਿਸ਼ਵ ਕੱਪ ਆਦਿ ਵਰਗੇ ਅੰਤਰਰਾਸ਼ਟਰੀ ਸਮਾਗਮਾਂ ‘ਚ ਹਿੱਸਾ ਲੈਣਗੇ, ਜਿਸ ‘ਚ ਪਾਕਿਸਤਾਨੀ ਟੀਮਾਂ ਅਤੇ ਖਿਡਾਰੀ ਖੇਡਣਗੇ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਪਾਕਿਸਤਾਨੀ ਖਿਡਾਰੀ ਵੀ ਭਾਰਤ ‘ਚ ਹੋਣ ਵਾਲੇ ਬਹੁ-ਰਾਸ਼ਟਰੀ ਸਮਾਗਮਾਂ ‘ਚ ਹਿੱਸਾ ਲੈ ਸਕਣਗੇ।
ਭਾਰਤ ਨੂੰ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਲਈ ਇੱਕ ਪਸੰਦੀਦਾ ਸਥਾਨ ਬਣਾਉਣ ਲਈ, ਖਿਡਾਰੀਆਂ, ਅਧਿਕਾਰੀਆਂ, ਤਕਨੀਕੀ ਸਟਾਫ, ਅੰਤਰਰਾਸ਼ਟਰੀ ਖੇਡ ਸੰਗਠਨਾਂ ਦੇ ਅਧਿਕਾਰੀਆਂ ਦੀ ਵੀਜ਼ਾ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇਗਾ।
ਅੰਤਰਰਾਸ਼ਟਰੀ ਖੇਡ ਸੰਗਠਨਾਂ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਕਾਰਜਕਾਲ (ਵੱਧ ਤੋਂ ਵੱਧ 5 ਸਾਲ ਤੱਕ) ਦੀ ਮਿਆਦ ਲਈ ਪਹਿਲ ਦੇ ਆਧਾਰ ‘ਤੇ ਮਲਟੀ-ਐਂਟਰੀ ਵੀਜ਼ਾ ਵੀ ਦਿੱਤਾ ਜਾਵੇਗਾ, ਤਾਂ ਜੋ ਉਹ ਆਸਾਨੀ ਨਾਲ ਦੇਸ਼ ‘ਚ ਆ-ਜਾ ਸਕਣ।
ਨਵੀਂ ਖੇਡ ਨੀਤੀ ‘ਚ ਭਾਰਤ ਸਰਕਾਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਪਾਕਿਸਤਾਨੀ ਟੀਮ ਜਾਂ ਖਿਡਾਰੀਆਂ ਨੂੰ ਬਹੁ-ਰਾਸ਼ਟਰੀ ਸਮਾਗਮਾਂ ਲਈ ਭਾਰਤ ਆਉਣ ਤੋਂ ਨਹੀਂ ਰੋਕਾਂਗੇ, ਪਰ ਇਹ ਨਹੀਂ ਦੱਸਿਆ ਕਿ ਕੀ ਭਾਰਤ ਅਜਿਹੇ ਸਮਾਗਮਾਂ ‘ਚ ਹਿੱਸਾ ਲੈਣ ਲਈ ਪਾਕਿਸਤਾਨ ਜਾਵੇਗਾ ਜਾਂ ਨਹੀਂ। ਭਾਰਤ ਨੇ ਇਸ ਸਾਲ ਫਰਵਰੀ-ਮਾਰਚ ‘ਚ ਹੋਈ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਅਜਿਹੀ ਸਥਿਤੀ ‘ਚ ਮੇਜ਼ਬਾਨ ਪਾਕਿਸਤਾਨ ਨੂੰ ਭਾਰਤ ਦੇ ਮੈਚ ਦੀ ਮੇਜ਼ਬਾਨੀ ਯੂਏਈ ‘ਚ ਕਰਨੀ ਪਈ ਅਤੇ ਫਾਈਨਲ ਦੁਬਈ ‘ਚ ਖੇਡਿਆ ਗਿਆ |
Read More: ਏਸ਼ੀਆ ਕੱਪ 2025 ਦਾ ਸ਼ਡਿਊਲ, ਜਾਣੋ ਕਦੋਂ ਤੇ ਕਿੱਥੇ ਹੋਣਗੇ ਮੈਚ ?