July 5, 2024 7:14 pm
Quad

ਭਾਰਤੀ ਵਿਦੇਸ਼ ਮੰਤਰੀ ਨੇ ਬਿਨਾਂ ਨਾਂ ਲਏ ਚੀਨ ‘ਤੇ ਸਾਧਿਆ ਨਿਸ਼ਾਨਾ, ਦੱਸਿਆ ਕਿ ਕਵਾਡ ਮਹੱਤਵਪੂਰਨ ਕਿਉਂ ?

ਚੰਡੀਗੜ੍ਹ, 24 ਫਰਵਰੀ 2024: ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਕਰਵਾਏ ਰਾਇਸੀਨਾ ਡਾਇਲਾਗ ਪ੍ਰੋਗਰਾਮ ਦੌਰਾਨ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਕਵਾਡ ਦੀ ਕੀ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਕਵਾਡ (Quad) ਦਾ ਗਠਨ ਬਹੁਧਰੁਵੀ ਪ੍ਰਣਾਲੀ ਦੇ ਵਿਕਾਸ ਅਤੇ ਸ਼ੀਤ ਯੁੱਧ ਤੋਂ ਬਾਅਦ ਦੀ ਸੋਚ ਨੂੰ ਦਰਸਾਉਂਦਾ ਹੈ। ਵਿਦੇਸ਼ ਮੰਤਰੀ ਨੇ ਕਿਹਾ, ‘ਕਵਾਡ ਮਹੱਤਵਪੂਰਨ ਕਿਉਂ ਹੈ? ਇਸ ਦਾ ਸਿੱਧਾ ਜਵਾਬ ਹੈ ਕਿ ਇਹ ਸਾਰੇ ਸੰਸਾਰ ਦੇ ਹਿੱਤ ਵਿੱਚ ਹੈ। ਕਵਾਡ ਦਾ ਗਠਨ ਗਲੋਬਲ ਪ੍ਰਣਾਲੀ ਵਿੱਚ ਤਬਦੀਲੀ ਤੋਂ ਪ੍ਰੇਰਿਤ ਹੈ, ਜੋ ਸਮਾਨ ਸੋਚ ਵਾਲੇ ਦੇਸ਼ਾਂ ਵਿੱਚ ਵਧੇਰੇ ਤਾਲਮੇਲ ਨੂੰ ਪ੍ਰੇਰਿਤ ਕਰਦਾ ਹੈ।

ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ ‘ਕਵਾਡ’ (Quad) ਦੇ ਪੰਜ ਮੁੱਖ ਸੰਦੇਸ਼ ਹਨ। ਜਿਸ ਵਿੱਚੋਂ ਪਹਿਲਾ ਬਹੁਧਰੁਵੀ ਪ੍ਰਣਾਲੀ ਦੇ ਵਿਕਾਸ ਨੂੰ ਦਰਸਾਉਂਦਾ ਹੈ। ਦੂਜਾ, ਇਹ ਸ਼ੀਤ ਯੁੱਧ ਤੋਂ ਬਾਅਦ ਦੀ ਸੋਚ ਹੈ, ਤੀਜਾ, ਕਿਸੇ ਵੀ ਦੇਸ਼ ‘ਤੇ ਦਬਾਅ ਬਣਾਉਣ ਦੀ ਪ੍ਰਵਿਰਤੀ ਦੇ ਵਿਰੁੱਧ, ਚੌਥਾ, ਇਹ ਲੋਕਤੰਤਰੀਕਰਨ ਅਤੇ ਸਹਿਯੋਗ ਦੀ ਪਹੁੰਚ ਨੂੰ ਦਰਸਾਉਂਦੀ ਹੈ ਅਤੇ ਪੰਜਵੀਂ, ਅੱਜ ਕੋਈ ਵੀ ਮਨਮਾਨੇ ਢੰਗ ਨਾਲ ਸਾਡੀ ਚੋਣ ਨੂੰ ਵੀਟੋ ਨਹੀਂ ਕਰ ਸਕਦਾ।

ਚੀਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਭਾਰਤ ਦੇ ਪ੍ਰਸਤਾਵਾਂ ਨੂੰ ਕਈ ਵਾਰ ਵੀਟੋ ਕਰ ਚੁੱਕਾ ਹੈ। ਅਜਿਹੇ ‘ਚ ਵਿਦੇਸ਼ ਮੰਤਰੀ ਦੇ ਬਿਆਨ ਨੂੰ ਚੀਨ ਨਾਲ ਜੋੜਿਆ ਜਾ ਰਿਹਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਕਵਾਡ ਹਿੰਦ ਪ੍ਰਸ਼ਾਂਤ ਮਹਾਸਾਗਰ ਖੇਤਰ ਦੀਆਂ ਚੁਣੌਤੀਆਂ ਅਤੇ ਮੁੱਦਿਆਂ ‘ਤੇ ਕੇਂਦਰਿਤ ਹੈ। ਇਨ੍ਹਾਂ ਵਿੱਚ ਸਮੁੰਦਰੀ ਸੁਰੱਖਿਆ, ਬੁਨਿਆਦੀ ਢਾਂਚਾ, ਸੰਪਰਕ, ਸਾਈਬਰ ਸੁਰੱਖਿਆ ਅਤੇ ਅੱਤਵਾਦ ਵਿਰੁੱਧ ਕਾਰਵਾਈ ਪ੍ਰਮੁੱਖ ਹਨ।

ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਇਹ ਗੱਲਾਂ ਰਾਏਸੀਨਾ ਡਾਇਲਾਗ ਪ੍ਰੋਗਰਾਮ ‘ਚ ਕਵਾਡ ਥਿੰਕ ਟੈਂਕ ਫੋਰਮ ਸੈਸ਼ਨ ਦੌਰਾਨ ਆਪਣੇ ਸੰਬੋਧਨ ‘ਚ ਕਹੀਆਂ। ਇਹ ਸੈਸ਼ਨ ਮੁੱਖ ਤੌਰ ‘ਤੇ ਕਵਾਡ ‘ਤੇ ਕੇਂਦਰਿਤ ਸੀ। ਜੈਸ਼ੰਕਰ ਨੇ ਕਿਹਾ ਕਿ ਸੁਨਾਮੀ ਦੀ ਸਥਿਤੀ ਨਾਲ ਨਜਿੱਠਣ ਲਈ ਪਹਿਲੀ ਵਾਰ 2004 ਵਿੱਚ ਕਵਾਡ ਦਾ ਗਠਨ ਕੀਤਾ ਗਿਆ ਸੀ ਅਤੇ ਇਹ ਵਿਚਾਰ ਜਾਪਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਦਿੱਤਾ ਸੀ।

ਇਸ ਤੋਂ ਬਾਅਦ ਸਾਲ 2017 ਵਿਚ ਕਵਾਡ ਦਾ ਰਸਮੀ ਤੌਰ ‘ਤੇ ਗਠਨ ਕੀਤਾ ਗਿਆ ਅਤੇ ਵਿਦੇਸ਼ ਮੰਤਰੀ ਪੱਧਰ ‘ਤੇ ਇਸ ਦੀ ਪਹਿਲੀ ਬੈਠਕ ਹੋਈ। ਇਜਲਾਸ ਵਿਚ ਮੌਜੂਦ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕਰਟ ਕੈਂਪਬੈਲ ਨੇ ਕਿਹਾ ਕਿ ਕਵਾਡ ਵਿਚ ਆਪਣੇ ਚਾਰ ਮੈਂਬਰ ਦੇਸ਼ਾਂ ਦੇ ਸਰੋਤਾਂ ਅਤੇ ਸਮਰੱਥਾਵਾਂ ਨੂੰ ਵਿਕਸਤ ਕਰਨ ਦੀ ਸਮਰੱਥਾ ਹੈ, ਜਿਸ ਨਾਲ ਵਧੀਆ ਨਤੀਜੇ ਨਿਕਲਣਗੇ ਅਤੇ ਸਾਰਿਆਂ ਨੂੰ ਫਾਇਦਾ ਹੋਵੇਗਾ।

ਕਵਾਡ ਇੱਕ ਚਤੁਰਭੁਜ ਸੁਰੱਖਿਆ ਸੰਵਾਦ ਸਮੂਹ ਹੈ, ਜਿਸ ਦੇ ਮੈਂਬਰ ਦੇਸ਼ਾਂ ਵਿੱਚ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਸ਼ਾਮਲ ਹਨ। ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੀ ਵਧਦੀ ਚੁਣੌਤੀ ਨਾਲ ਨਜਿੱਠਣ ਲਈ 2017 ਵਿੱਚ ਕਵਾਡ ਦਾ ਗਠਨ ਕੀਤਾ ਗਿਆ ਸੀ। ਹਾਲ ਹੀ ਵਿੱਚ, ਵਿਦੇਸ਼ ਮੰਤਰੀ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਕਵਾਡ ਦੀ ਸਾਰਥਕਤਾ ਵਧੇਗੀ ਅਤੇ ਇਹ ਵਿਸ਼ਵ ਭੂ-ਰਾਜਨੀਤੀ ਵਿੱਚ ਇੱਕ ਵੱਡਾ ਕਾਰਕ ਬਣ ਜਾਵੇਗਾ।