ਸਪੋਰਟਸ, 01 ਅਗਸਤ 2025: Indian football team: ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (AIFF) ਨੇ ਖਾਲਿਦ ਜਮੀਲ (Khalid Jamil) ਨੂੰ ਭਾਰਤੀ ਫੁੱਟਬਾਲ ਟੀਮ ਦਾ ਨਵਾਂ ਕੋਚ ਨਿਯੁਕਤ ਕੀਤਾ ਹੈ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਹੈ। ਖਾਲਿਦ ਨੇ 2017 ‘ਚ ਆਈਜ਼ੌਲ ਫੁੱਟਬਾਲ ਕਲੱਬ ਨੂੰ ਆਈ-ਲੀਗ ਖਿਤਾਬ ਦਿਵਾਇਆ ਸੀ। 13 ਸਾਲਾਂ ‘ਚ ਪਹਿਲੀ ਵਾਰ ਕਿਸੇ ਭਾਰਤੀ ਨੂੰ ਭਾਰਤੀ ਫੁੱਟਬਾਲ ਟੀਮ ਦਾ ਨਵਾਂ ਕੋਚ ਨਿਯੁਕਤ ਕੀਤਾ ਗਿਆ ਹੈ।
ਸਾਬਕਾ ਭਾਰਤੀ ਅੰਤਰਰਾਸ਼ਟਰੀ ਅਤੇ ਵਰਤਮਾਨ ‘ਚ ਇੰਡੀਅਨ ਸੁਪਰ ਲੀਗ ਟੀਮ ਜਮਸ਼ੇਦਪੁਰ FC ਦੇ ਮੈਨੇਜਰ, 48 ਸਾਲਾ ਜਮੀਲ (Khalid Jamil) ਨੂੰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (AIFF) ਕਾਰਜਕਾਰੀ ਕਮੇਟੀ ਨੇ ਤਿੰਨ ਮੈਂਬਰਾਂ ਦੀ ਸੂਚੀ ‘ਚੋਂ ਚੁਣਿਆ ਹੈ। ਬਾਕੀ ਦੋ ਦਾਅਵੇਦਾਰ ਭਾਰਤ ਦੇ ਸਾਬਕਾ ਮੁੱਖ ਕੋਚ ਸਟੀਫਨ ਕਾਂਸਟੈਂਟਾਈਨ ਅਤੇ ਸਟੀਫਨ ਤਾਰਕੋਵਿਕ ਸਨ। ਸਟੀਫਨ ਪਹਿਲਾਂ ਸਲੋਵਾਕੀਆ ਰਾਸ਼ਟਰੀ ਟੀਮ ਦੇ ਕੋਚ ਸਨ।
ਮਹਾਨ ਸਟ੍ਰਾਈਕਰ ਆਈਐਮ ਵਿਜਯਨ ਦੀ ਅਗਵਾਈ ਵਾਲੀ AIFF ਤਕਨੀਕੀ ਕਮੇਟੀ ਨੇ ਕਾਰਜਕਾਰੀ ਕਮੇਟੀ ਦੇ ਅੰਤਿਮ ਫੈਸਲੇ ਲਈ ਤਿੰਨ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਸੀ। ਜਮੀਲ ਸਪੇਨ ਦੇ ਮਨੋਲੋ ਮਾਰਕੇਜ਼ ਦੀ ਜਗ੍ਹਾ ਲਵੇਗਾ, ਜੋ ਪਿਛਲੇ ਮਹੀਨੇ ਭਾਰਤ ਦੇ ਹਾਲੀਆ ਸੰਘਰਸ਼ਾਂ ਤੋਂ ਬਾਅਦ AIFF ਤੋਂ ਵੱਖ ਹੋ ਗਿਆ ਸੀ।
ਰਾਸ਼ਟਰੀ ਪੁਰਸ਼ ਟੀਮ ਦੇ ਮੁੱਖ ਕੋਚ ਵਜੋਂ ਸੇਵਾ ਨਿਭਾਉਣ ਵਾਲੇ ਆਖਰੀ ਭਾਰਤੀ ਸਾਵੀਓ ਮੇਡੀਰਾ ਸਨ, ਜਿਨ੍ਹਾਂ ਨੇ 2011 ਤੋਂ 2012 ਤੱਕ ਇਸ ਅਹੁਦੇ ‘ਤੇ ਕੰਮ ਕੀਤਾ ਸੀ। ਨਵੀਂ ਭੂਮਿਕਾ ‘ਚ ਜਮੀਲ ਦਾ ਪਹਿਲਾ ਕੰਮ ਕੇਂਦਰੀ ਏਸ਼ੀਅਨ ਫੁੱਟਬਾਲ ਐਸੋਸੀਏਸ਼ਨ (CAFA) ਨੇਸ਼ਨਜ਼ ਕੱਪ ਹੋਵੇਗਾ, ਜੋ ਕਿ 29 ਅਗਸਤ ਤੋਂ ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ‘ਚ ਖੇਡਿਆ ਜਾਵੇਗਾ।
Read More: Sunil Chhetri: ਭਾਰਤੀ ਫੁੱਟਬਾਲ ਸਟਾਰ ਸੁਨੀਲ ਛੇਤਰੀ ਦੀ ਰਿਟਾਇਰਮੈਂਟ ਤੋਂ ਵਾਪਸੀ, ਮੈਦਾਨ ‘ਚ ਆਉਣਗੇ ਨਜ਼ਰ