ਵਿਦੇਸ਼, 16 ਅਕਤੂਬਰ 2025: ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦਾਅਵਿਆਂ ਦਾ ਜਵਾਬ ਦਿੱਤਾ ਕਿ ਭਾਰਤ ਛੇਤੀ ਹੀ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਸਕਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਵੱਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਭਾਰਤ ਤੇਲ ਅਤੇ ਗੈਸ ਦਾ ਇੱਕ ਮਹੱਤਵਪੂਰਨ ਆਯਾਤਕ ਹੈ।
ਇੱਕ ਅਸਥਿਰ ਊਰਜਾ ‘ਚ ਭਾਰਤੀ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਸਾਡੀ ਨਿਰੰਤਰ ਤਰਜੀਹ ਰਹੀ ਹੈ। ਸਾਡੀਆਂ ਆਯਾਤ ਨੀਤੀਆਂ ਇਸ ਉਦੇਸ਼ ਦੁਆਰਾ ਪੂਰੀ ਤਰ੍ਹਾਂ ਨਿਰਦੇਸ਼ਤ ਹਨ। ਸਥਿਰ ਊਰਜਾ ਕੀਮਤਾਂ ਅਤੇ ਸੁਰੱਖਿਅਤ ਸਪਲਾਈ ਨੂੰ ਯਕੀਨੀ ਬਣਾਉਣਾ ਸਾਡੀ ਊਰਜਾ ਨੀਤੀ ਦੇ ਦੋਹਰੇ ਟੀਚੇ ਹਨ। ਇਸ ‘ਚ ਸਾਡੇ ਊਰਜਾ ਸਪਲਾਈ ਅਧਾਰ ਨੂੰ ਵਧਾਉਣਾ ਅਤੇ ਬਾਜ਼ਾਰ ਦੀਆਂ ਸਥਿਤੀਆਂ ਦੇ ਮੁਤਾਬਕ ਇਸਨੂੰ ਵਿਭਿੰਨ ਬਣਾਉਣਾ ਸ਼ਾਮਲ ਹੈ।
ਵਿਦੇਸ਼ ਮੰਤਰਾਲੇ ਦੇ ਬਿਆਨ ‘ਚ ਕਿਹਾ ਗਿਆ ਹੈ, “ਜਿੱਥੋਂ ਤੱਕ ਸੰਯੁਕਤ ਰਾਜ ਅਮਰੀਕਾ ਦਾ ਸਬੰਧ ਹੈ, ਅਸੀਂ ਕਈ ਸਾਲਾਂ ਤੋਂ ਆਪਣੀਆਂ ਊਰਜਾ ਖਰੀਦਾਂ ਨੂੰ ਵਧਾਉਣ ਲਈ ਯਤਨਸ਼ੀਲ ਹਾਂ। ਪਿਛਲੇ ਦਹਾਕੇ ‘ਚ ਨਿਰੰਤਰ ਤਰੱਕੀ ਹੋਈ ਹੈ। ਮੌਜੂਦਾ ਪ੍ਰਸ਼ਾਸਨ ਨੇ ਭਾਰਤ ਨਾਲ ਊਰਜਾ ਸਹਿਯੋਗ ਨੂੰ ਡੂੰਘਾ ਕਰਨ ‘ਚ ਦਿਲਚਸਪੀ ਦਿਖਾਈ ਹੈ। ਚਰਚਾਵਾਂ ਜਾਰੀ ਹਨ।”
ਜਿਕਰਯੋਗ ਹੈ ਕਿ ਓਵਲ ਦਫ਼ਤਰ ‘ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਚੰਗੇ ਦੋਸਤ ਹਨ ਅਤੇ ਦੋਵਾਂ ਦੇ ਸ਼ਾਨਦਾਰ ਸਬੰਧ ਹਨ। ਉਨ੍ਹਾਂ ਕਿਹਾ ਕਿ ਭਾਰਤ ਛੇਤੀ ਹੀ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਇਸ ਬਾਰੇ ਭਰੋਸਾ ਦਿੱਤਾ ਸੀ। ਟਰੰਪ ਨੇ ਕਿਹਾ ਕਿ ਭਾਰਤ ਦਾ ਇਹ ਕਦਮ ਇੱਕ ਵੱਡਾ ਕਦਮ ਸੀ। ਹੁਣ ਸਾਨੂੰ ਚੀਨ ਨੂੰ ਵੀ ਅਜਿਹਾ ਕਰਨ ਲਈ ਕਹਿਣਾ ਪਵੇਗਾ।
Read More: ਡੋਨਾਲਡ ਟਰੰਪ ਵੱਲੋਂ ਚੀਨ ‘ਤੇ 100 ਫੀਸਦੀ ਟੈਰਿਫ ਲਗਾਉਣ ਦਾ ਐਲਾਨ