ਪਟਿਆਲਾ, 29 ਜੁਲਾਈ 2025: ਦੁਨੀਆਂ ਦੀ ਸਭ ਤੋਂ ਪ੍ਰਮੁੱਖ ਸਾਈਕਲਿੰਗ ਸੰਸਥਾ ਯੂਨੀਅਨ ਸਾਈਕਲਿਸਟ ਇੰਟਰਨੈਸ਼ਨਲ ਵੱਲੋਂ ਨਵੀਂ ਦਰਜਾਬੰਦੀ ਸੂਚੀ ਜਾਰੀ ਕੀਤੀ ਹੈ, ਜਿਸ ‘ਚ ਪੂਰੀ ਦੁਨੀਆਂ ਦੇ ਦੇਸ਼ ਸ਼ਾਮਲ ਹਨ। ਇਸ ਦਰਜਾਬੰਦੀ ‘ਚ ਭਾਰਤੀ ਸਾਈਕਲਿੰਗ ਟੀਮ ਨੇ ਸੀਨੀਅਰ ਪੁਰਸ਼, ਸੀਨੀਅਰ ਮਹਿਲਾ, ਜੂਨੀਅਰ ਪੁਰਸ਼ ਅਤੇ ਜੂਨੀਅਰ ਮਹਿਲਾ ਵਰਗ ‘ਚ ਚੋਟੀ ਦੇ 10 ਦੇਸ਼ਾਂ ‘ਚ ਥਾਂ ਬਣਾਈ ਹੈ।
ਇਹ ਸੂਚੀ ਅੰਤਰਰਾਸ਼ਟਰੀ ਪੱਧਰ ‘ਤੇ ਸਾਈਕਲਿਸਟਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਜਾਰੀ ਕੀਤੀ ਜਾਂਦੀ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਭਾਰਤੀ ਜੂਨੀਅਰ ਸਾਈਕਲਿੰਗ ਟੀਮ ਦਰਜਾਬੰਦੀ ‘ਚ ਦੁਨੀਆਂ ਦੀ ਨੰਬਰ-1 ਸਥਾਨ ‘ਤੇ ਰਹੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਅਥਲੀਟ ਕਮਿਸ਼ਨ ਦੇ ਕਨਵੀਨਰ, ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਪਟਿਆਲਾ ਦੇ ਸਕੱਤਰ ਅਤੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਐਸ.ਏ.ਐਸ. ਨਗਰ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਜੋ ਇਤਿਹਾਸ ਭਾਰਤੀ ਸਾਈਕਲਿੰਗ ਟੀਮ ਨੇ ਸਿਰਜਿਆ ਹੈ, ਇਸ ਨਾਲ ਸਾਰੇ ਭਾਰਤੀਆਂ ਦਾ ਸਿਰ ਉੱਚਾ ਹੋਇਆ। ਇਸ ਪ੍ਰਾਪਤੀ ਪਿੱਛੇ ਲੰਮੀ ਤਿਆਰੀ ਅਤੇ ਲੰਮੀ ਸੋਚ ਦਾ ਨਤੀਜਾ ਹੈ ਕਿ ਅੱਜ ਭਾਰਤੀ ਸਾਈਕਲਿੰਗ ਟੀਮ ਦੁਨੀਆਂ ਦੇ 10 ਮੁਲਕਾਂ ਦੀ ਸੂਚੀ ‘ਚ ਸ਼ਾਮਲ ਹੋਈ ਹੈ।
ਉਨ੍ਹਾਂ ਦੱਸਿਆ ਕਿ ਸਾਲ 2010 ਤੋਂ ਪਹਿਲਾਂ ਭਾਰਤੀ ਸਾਈਕਲਿੰਗ ਟੀਮ ਦੁਨੀਆਂ ਦੇ ਕਿਸੇ ਵੀ ਦਰਜਾਬੰਦੀ ‘ਚ ਸ਼ੁਮਾਰ ਨਹੀਂ ਸੀ ਪਰ 2010 ਦੀਆਂ ਰਾਸ਼ਟਰ ਮੰਡਲ ਖੇਡਾਂ ਤੋਂ ਬਾਅਦ ਜਿਸ ਸਮੇਂ ਭਾਰਤੀ ਸਾਈਕਲਿੰਗ ਦੀ ਕਮਾਨ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਅਤੇ ਉਸ ਸਮੇਂ ਦੇ ਜਨਰਲ ਸਕੱਤਰ ਓਂਕਾਰ ਸਿੰਘ ਨੇ ਸੰਭਾਲੀ, ਉਸ ਸਮੇਂ ਤੋਂ ਲਗਾਤਾਰ ਭਾਰਤੀ ਸਾਈਕਲਿੰਗ ਟੀਮ ਨੇ ਨਵੇਂ ਇਤਿਹਾਸ ਰਚੇ। ਉਸ ਤੋਂ ਬਾਅਦ ਲਗਾਤਾਰ ਭਾਰਤੀ ਸਾਈਕਲਿੰਗ ਟੀਮ ਨੇ ਅੰਤਰਰਾਸ਼ਟਰੀ ਪੱਧਰ ‘ਤੇ ਅਨੇਕਾਂ ਪ੍ਰਾਪਤੀਆਂ ਕੀਤੀਆਂ ਹਨ।
ਕਾਹਲੋਂ ਨੇ ਦੱਸਿਆ ਕਿ ਅੱਜ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਮਨਿੰਦਰਪਾਲ ਸਿੰਘ ਤੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਪੂਰੀ ਮੈਨੇਜਮੈਂਟ ਕਮੇਟੀ ਦਿਨ ਰਾਤ ਮਿਹਨਤ ਕਰਕੇ ਸਾਈਕਲਿੰਗ ਖੇਡ ਨੂੰ ਪ੍ਰਫੁੱਲਤ ਕਰਨ ਲਈ ਪੂਰੇ ਭਾਰਤ ‘ਚ ਨਵੇਂ ਨਵੇਂ ਪ੍ਰੋਜੈਕਟਾਂ ‘ਤੇ ਕੰਮ ਕਰ ਰਹੀ ਹੈ।
ਬਹੁਤ ਸਾਰੀਆਂ ਵੱਡੀਆਂ ਯੂਨੀਵਰਸਿਟੀਆਂ ਅਤੇ ਸੂਬਿਆਂ ਦੇ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਨਾਲ ਐਮ.ਓ. ਸਾਈਨ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਮੁੱਖ ਮਕਸਦ ਭਾਰਤ ‘ਚ ਸਾਈਕਲਿੰਗ ਖੇਡ ਨੂੰ ਪ੍ਰਫੁੱਲਤ ਕਰਨਾ ਤਾਂ ਕਿ ਭਾਰਤ 2036 ਦੀਆਂ ਓਲੰਪਿਕ ਖੇਡਾਂ ‘ਚ ਵੱਧ ਤੋਂ ਵੱਧ ਤਮਗੇ ਜਿੱਤ ਸਕੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਖੇਡ ਮੰਤਰਾਲਾ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਖੇਲੋ ਇੰਡੀਆ ਲੀਗ ਅਤੇ ਕਈ ਰਾਸ਼ਟਰੀ ਪੱਧਰ ਦੀਆਂ ਚੈਂਪੀਅਨਸ਼ਿਪ ਕਰਵਾਉਣ ‘ਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।
ਪੰਜਾਬ ਦੇ ਸਾਇਕਲਿਸਟਾਂ ਦਾ ਵੀ ਭਵਿੱਖ ਉਜਲ ਹੈ ਕਿਉਂਕਿ ਆਉਣ ਵਾਲੇ ਸਮੇਂ ਦੌਰਾਨ ਪੰਜਾਬ ‘ਚ ਵੀ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਚੈਂਪੀਅਨਸ਼ਿਪਾਂ ਕਰਵਾਈਆਂ ਜਾਣਗੀਆਂ। ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਲੜਕੇ ਲੜਕੀਆਂ ਨੂੰ ਵੱਧ ਤੋਂ ਵੱਧ ਸਾਈਕਲਿੰਗ ਖੇਡ ਨਾਲ ਜੋੜੋ, ਕਿਉਂਕਿ ਸਾਈਕਲਿੰਗ ਖੇਡ ਦੁਨੀਆਂ ਦੀ ਸਭ ਤੋਂ ਪੁਰਾਣੀਆਂ ਖੇਡਾਂ ‘ਚੋਂ ਇੱਕ ਹੈ ਅਤੇ ਇਹ ਖੇਡ ਭਾਰਤੀ ਓਲੰਪਿਕ ਐਸੋਸੀਏਸ਼ਨ, ਭਾਰਤ ਸਰਕਾਰ ਦੇ ਖੇਡ ਮੰਤਰਾਲੇ ,ਪੰਜਾਬ ਸਰਕਾਰ ਦੇ ਖੇਡ ਵਿਭਾਗ, ਪੰਜਾਬ ਓਲੰਪਿਕ ਐਸੋਸੀਏਸ਼ਨ ਤੋ ਮਾਨਤਾ ਪ੍ਰਾਪਤ ਖੇਡ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਈਕਲਿਸਟ ਵੱਖ-ਵੱਖ ਵਿਭਾਗਾਂ ‘ਚ ਭਾਵੇਂ ਉਹ ਪੰਜਾਬ ਪੁਲਿਸ, ਰੇਲਵੇ, ਬੀਐਸਐਫ, ਭਾਰਤੀ ਸੈਨਾ, ਪੰਜਾਬ ਮੰਡੀ ਬੋਰਡ, ਪੀਐਸਪੀਸੀਐਲ, ਸੂਚਨਾ ਤੇ ਲੋਕ ਸੰਪਰਕ ਵਰਗੇ ਵਿਭਾਗਾਂ ‘ਚ ਚੰਗੇ ਅਹੁਦਿਆਂ ਤੇ ਬਿਰਾਜਮਾਨ ਹਨ।
ਇਸ ਮੌਕੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਖਸ਼ੀਸ਼ ਸਿੰਘ, ਸਾਈਕਲਿੰਗ ਐਸੋਸੀਏਸ਼ਨ ਮਾਨਸਾ ਦੇ ਅਹੁਦੇਦਾਰ ਨੈਬ ਸਿੰਘ, ਓਲੰਪੀਅਨ ਸਵਰਨ ਸਿੰਘ ਵਿਰਕ, ਜਸਬੀਰ ਸਿੰਘ ਮੋਹਾਲੀ, ਉੱਘੇ ਸੂਫੀ ਸਿੰਗਰ ਸੂਫੀ ਬਲਵੀਰ, ਜ਼ਿਲਾ ਖੇਡ ਅਫਸਰ ਹਰਪਿੰਦਰ ਸਿੰਘ, ਨਾਰਦਨ ਰੇਲਵੇ ਮੈਨਸ ਯੂਨੀਅਨ ਅੰਬਾਲਾ ਮੰਡਲ ਦੇ ਡਿਵੀਜ਼ਨਲ ਸੈਕਟਰੀ ਡਾ ਨਿਰਮਲ ਸਿੰਘ, ਮਹਾਰਾਜਾ ਰਣਜੀਤ ਸਿੰਘ ਅਵਰਡੀ ਸਾਈਕਲਿੰਗ ਕਮਲਪ੍ਰੀਤ ਸ਼ਰਮਾ, ਸੁਖਜਿੰਦਰ ਸਿੰਘ, ਸਹਾਇਕ ਲੋਕ ਸੰਪਰਕ ਅਫਸਰ ਸਤਿੰਦਰਪਾਲ ਸਿੰਘ ਅਤੇ ਹੋਰ ਖੇਡ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ, ਖਿਡਾਰੀਆਂ ਨੇ ਭਾਰਤੀ ਸਾਈਕਲਿੰਗ ਟੀਮ ਨੂੰ ਵਧਾਈ ਦਿੱਤੀ।
Read More: ਕੰਵਰ ਗਿੱਲ ਅੰਤਰਰਾਸ਼ਟਰੀ ਸੁਪਰ ਰੈਂਡੋਨੀਅਰ ਖ਼ਿਤਾਬ ਜਿੱਤਣ ਵਾਲਾ ਉੱਤਰੀ ਭਾਰਤ ਦਾ ਪਹਿਲਾ ਸਾਈਕਲਿਸਟ ਬਣਿਆ