June 30, 2024 7:03 pm
Deepti Sharma

ਭਾਰਤੀ ਕ੍ਰਿਕਟ ਖਿਡਾਰਨ ਦੀਪਤੀ ਸ਼ਰਮਾ ਨੂੰ ਮਿਲਿਆ ICC ‘ਪਲੇਅਰ ਆਫ ਦਿ ਮੰਥ’ ਦਾ ਖ਼ਿਤਾਬ

ਚੰਡੀਗੜ੍ਹ, 17 ਜਨਵਰੀ 2024: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਦਸੰਬਰ ਮਹੀਨੇ ਲਈ ‘ਪਲੇਅਰ ਆਫ ਦਿ ਮੰਥ’ ਦੇ ਨਾਵਾਂ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਅਤੇ ਭਾਰਤ ਦੀ ਦੀਪਤੀ ਸ਼ਰਮਾ (Deepti Sharma) ਨੂੰ ‘ਮਹੀਨਾ ਪਲੇਅਰ ਆਫ ਦਿ ਮੰਥ’ ਚੁਣਿਆ ਗਿਆ ਹੈ । ਦੀਪਤੀ ਸ਼ਰਮਾ ਦਾ ‘ਪਲੇਅਰ ਆਫ ਦਿ ਮੰਥ’ ਦਾ ਇਹ ਪਹਿਲਾ ਖ਼ਿਤਾਬ ਹੈ। ਦੋਵਾਂ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਫਲ ਦਸੰਬਰ ‘ਚ ਮਿਲਿਆ।

ਦੀਪਤੀ ਆਸਟ੍ਰੇਲੀਆ ਖ਼ਿਲਾਫ਼ ਖੇਡੀ ਗਈ ਵਨਡੇ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੀ ਗੇਂਦਬਾਜ਼ ਸੀ। ਉਨ੍ਹਾਂ ਨੇ ਸੀਰੀਜ਼ ‘ਚ ਕੁੱਲ 7 ਵਿਕਟਾਂ ਲਈਆਂ। ਇਸ ਤੋਂ ਇਲਾਵਾ ਦੀਪਤੀ ਟੀ-20 ਸੀਰੀਜ਼ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੀ ਗੇਂਦਬਾਜ਼ ਵੀ ਸੀ। ਦੀਪਤੀ ਨੇ ਟੀ-20 ‘ਚ 5 ਵਿਕਟਾਂ ਲਈਆਂ ਸਨ। ਇਸ ਤੋਂ ਇਲਾਵਾ ਉਸ ਨੇ ਬੱਲੇ ਨਾਲ ਕਮਾਲ ਵੀ ਕੀਤਾ। ਦੀਪਤੀ ਨੇ ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ‘ਚ 2 ਵਿਕਟਾਂ ਲਈਆਂ ਸਨ।

ਜ਼ਿਕਰਯੋਗ ਹੈ ਕਿ ਦੀਪਤੀ (Deepti Sharma) ਭਾਰਤ ਦੀ ਤਜਰਬੇਕਾਰ ਆਲਰਾਊਂਡਰ ਹੈ। ਉਹ ਭਾਰਤ ਲਈ ਤਿੰਨੋਂ ਫਾਰਮੈਟ ਖੇਡਦੀ ਹੈ। ਦੀਪਤੀ ਨੇ ਹੁਣ ਤੱਕ 4 ਟੈਸਟ, 86 ਵਨਡੇ ਅਤੇ 104 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।

ਆਈਸੀਸੀ ਨੇ ਕਿਹਾ ਕਿ ਕਮਿੰਸ ਨੂੰ ਪਾਕਿਸਤਾਨ ਦੇ ਖ਼ਿਲਾਫ਼ ਸ਼ਾਨਦਾਰ ਗੇਂਦਬਾਜ਼ੀ ਕਾਰਨ ਇਹ ਖ਼ਿਤਾਬ ਦਿੱਤਾ ਗਿਆ ਹੈ। ਉਥੇ ਹੀ ਦੀਪ ਸ਼ਰਮਾ ਨੂੰ ਇੰਗਲੈਂਡ ਅਤੇ ਆਸਟ੍ਰੇਲੀਆ ਖ਼ਿਲਾਫ਼ ਸ਼ਾਨਦਾਰ ਆਲਰਾਊਂਡਰ ਪ੍ਰਦਰਸ਼ਨ ਲਈ ਇਹ ਖ਼ਿਤਾਬ ਦਿੱਤਾ ਗਿਆ। ਕਮਿੰਸ ਦੀ ਕਪਤਾਨੀ ‘ਚ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 3-0 ਨਾਲ ਹਰਾਇਆ ਸੀ।

ਗੇਂਦ ਨਾਲ ਕਮਾਲ ਕਰਦੇ ਹੋਏ, ਕਮਿੰਸ ਸੀਰੀਜ਼ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ। ਉਸਨੇ 3 ਮੈਚਾਂ ਵਿੱਚ 12.00 ਦੀ ਸ਼ਾਨਦਾਰ ਔਸਤ ਨਾਲ 19 ਵਿਕਟਾਂ ਲਈਆਂ। ਇਸ ਦੌਰਾਨ ਆਸਟਰੇਲੀਆਈ ਕਪਤਾਨ ਨੇ ਸਭ ਤੋਂ ਵੱਧ 3 ਪੰਜ ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਤੋਂ ਮਹਿਜ਼ ਇੱਕ ਮਹੀਨਾ ਪਹਿਲਾਂ, ਯਾਨੀ ਨਵੰਬਰ ਵਿੱਚ, ਕਮਿੰਸ ਨੇ ਆਪਣੀ ਕਪਤਾਨੀ ਵਿੱਚ ਆਸਟਰੇਲੀਆ ਨੇ ਵਿਸ਼ਵ ਕੱਪ 2023 ਦਾ ਖ਼ਿਤਾਬ ਜਿੱਤਿਆ ਸੀ।