July 2, 2024 1:41 pm
Israel

ਇਜ਼ਰਾਈਲ ‘ਚੋਂ ਅੱਜ ਦੋ ਵਿਸ਼ੇਸ਼ ਉਡਾਣਾਂ ਰਾਹੀਂ ਭਾਰਤੀ ਨਾਗਰਿਕਾਂ ਦੀ ਹੋਵੇਗੀ ਵਾਪਸੀ

ਚੰਡੀਗੜ੍ਹ, 14 ਅਕਤੂਬਰ 2023: ਭਾਰਤੀ ਦੂਤਾਵਾਸ ਨੇ ਸ਼ਨੀਵਾਰ ਨੂੰ ਇਜ਼ਰਾਈਲ-ਹਮਾਸ ਸੰਘਰਸ਼ ਦੇ ਵਿਚਕਾਰ ਇਜ਼ਰਾਈਲ ਛੱਡਣ ਦੇ ਚਾਹਵਾਨ ਭਾਰਤੀਆਂ ਦੀ ਸਹੂਲਤ ਲਈ ਦੋ ਵਿਸ਼ੇਸ਼ ਉਡਾਣਾਂ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਲਗਾਤਾਰ ਦੋ ਦਿਨਾਂ ਵਿੱਚ 400 ਤੋਂ ਵੱਧ ਭਾਰਤੀ ਨਾਗਰਿਕ ਇਜ਼ਰਾਈਲ (Israel) ਤੋਂ ਵਾਪਸ ਆ ਚੁੱਕੇ ਹਨ। ਹਮਾਸ ਦੇ ਲੜਾਕਿਆਂ ਦੁਆਰਾ ਇਜ਼ਰਾਈਲ ਦੇ ਸ਼ਹਿਰਾਂ ‘ਤੇ ਭਿਆਨਕ ਹਮਲਿਆਂ ਤੋਂ ਬਾਅਦ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਗਾਜ਼ਾ ਤੋਂ ਘਰ ਵਾਪਸੀ ਦੇ ਚਾਹਵਾਨ ਭਾਰਤੀ ਨਾਗਰਿਕਾਂ ਦੀ ਸਹੂਲਤ ਲਈ 12 ਅਕਤੂਬਰ ਨੂੰ ‘ਆਪ੍ਰੇਸ਼ਨ ਅਜੈ’ ਤਹਿਤ ਵਿਸ਼ੇਸ਼ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਸਨ। ਇਨ੍ਹਾਂ ਹਮਲਿਆਂ ਕਾਰਨ ਇਲਾਕੇ ਵਿਚ ਕਾਫੀ ਤਣਾਅ ਪੈਦਾ ਹੋ ਗਿਆ ਹੈ।

ਪਹਿਲੀ ਉਡਾਣ ਅੱਜ ਇਜ਼ਰਾਈਲ (Israel) ਦੇ ਸਮੇਂ ਅਨੁਸਾਰ ਸ਼ਾਮ 5:00 ਵਜੇ ਰਵਾਨਾ ਹੋਵੇਗੀ ਅਤੇ 230 ਯਾਤਰੀਆਂ ਨੂੰ ਲੈ ਜਾ ਸਕਦੀ ਹੈ। ਦੂਜੀ ਉਡਾਣ ਇਜ਼ਰਾਈਲ ਦੇ ਸਮੇਂ ਅਨੁਸਾਰ ਰਾਤ 11:00 ਵਜੇ ਤੈਅ ਕੀਤੀ ਗਈ ਹੈ ਅਤੇ ਇਹ 330 ਯਾਤਰੀਆਂ ਨੂੰ ਲੈ ਕੇ ਜਾ ਸਕਦੀ ਹੈ। ਰਾਜਦੂਤ ਸੰਜੀਵ ਸਿੰਗਲਾ ਨੇ ਕਿਹਾ, “ਦੂਤਘਰ ਇਜ਼ਰਾਈਲ ਵਿੱਚ ਸਾਡੇ ਸਾਰੇ ਨਾਗਰਿਕਾਂ ਦੀ ਸਹੂਲਤ ਲਈ 24 ਘੰਟੇ ਕੰਮ ਕਰ ਰਿਹਾ ਹੈ ਜੋ ਦੇਸ਼ ਛੱਡਣਾ ਚਾਹੁੰਦੇ ਹਨ। ਅਸੀਂ ਵਿਦਿਆਰਥੀਆਂ, ਨਰਸਾਂ ਅਤੇ ਵਪਾਰੀਆਂ ਸਮੇਤ ਹੋਰਨਾਂ ਨਾਲ ਸੰਪਰਕ ਕੀਤਾ ਹੈ। ਉਹਨਾਂ ਵਿੱਚੋਂ ਕੁਝ ਅਸਲ ਵਿੱਚ ਵਾਲੰਟੀਅਰਾਂ ਵਜੋਂ ਸਾਡੇ ਨਾਲ ਕੰਮ ਕਰ ਰਹੇ ਹਨ। ਅਸੀਂ ਸਾਰਿਆਂ ਨੂੰ ਸਬਰ ਰੱਖਣ ਦੀ ਅਪੀਲ ਕਰਦੇ ਹਾਂ।” ਇਜ਼ਰਾਈਲ ਸਥਿਤ ਭਾਰਤੀ ਦੂਤਾਵਾਸ ਨੇ ਇਹ ਜਾਣਕਾਰੀ ਦਿੱਤੀ ਹੋਰ ਰਜਿਸਟਰਡ ਲੋਕਾਂ ਨੂੰ ਸੰਦੇਸ਼ ਅਗਲੀਆਂ ਉਡਾਣਾਂ ਲਈ ਭੇਜਿਆ ਜਾਵੇਗਾ।