July 5, 2024 4:59 pm
Kyrgyzstan

ਕਿਰਗਿਸਤਾਨ ‘ਚ ਭਾਰਤ ਅਤੇ ਪਾਕਿਸਤਾਨੀ ਵਿਦਿਆਰਥੀਆਂ ਨਾਲ ਕੁੱਟਮਾਰ, ਕਈ ਵਿਦਿਆਰਥੀ ਜ਼ਖਮੀ

ਚੰਡੀਗੜ੍ਹ, 18 ਮਈ 2024: ਕਿਰਗਿਸਤਾਨ (Kyrgyzstan) ਦੀ ਰਾਜਧਾਨੀ ਬਿਸ਼ਕੇਕ ਵਿੱਚ ਦੇਰ ਰਾਤ (17 ਮਈ) ਭਾਰਤੀ, ਬੰਗਲਾਦੇਸ਼ ਅਤੇ ਪਾਕਿਸਤਾਨੀ ਵਿਦਿਆਰਥੀਆਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ । ਸਥਾਨਕ ਵਿਦਿਆਰਥੀ ਹੋਸਟਲ ਵਿੱਚ ਦਾਖਲ ਹੋਏ ਜਿੱਥੇ ਭਾਰਤੀ, ਪਾਕਿਸਤਾਨੀ ਅਤੇ ਬੰਗਲਾਦੇਸ਼ੀ ਵਿਦਿਆਰਥੀ ਰਹਿ ਰਹੇ ਸਨ। ਕਿਰਗਿਸਤਾਨ ਦੀ ਮੀਡੀਆ ਵੈੱਬਸਾਈਟ 24.KG ਮੁਤਾਬਕ ਹਿੰਸਾ ‘ਚ 29 ਵਿਦਿਆਰਥੀ ਜ਼ਖਮੀ ਹੋਏ ਹਨ। ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵਿਦਿਆਰਥੀਆਂ ਨੂੰ ਹੋਸਟਲ ਤੋਂ ਬਾਹਰ ਨਾ ਆਉਣ ਦੀ ਅਪੀਲ ਕੀਤੀ ਹੈ |

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕੀਤਾ ਕਿ ਉਹ ਪੂਰੇ ਮਾਮਲੇ ‘ਤੇ ਨਜ਼ਰ ਰੱਖ ਰਹੇ ਹਨ। ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਦੂਤਾਵਾਸ ਨੇ ਇੱਕ 24×7 ਐਮਰਜੈਂਸੀ ਨੰਬਰ 0555710041 ਜਾਰੀ ਕੀਤਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ 13 ਮਈ ਨੂੰ ਬਿਸ਼ਕੇਕ ‘ਚ ਮਿਸਰ ਅਤੇ ਕਿਰਗਿਜ਼ ਵਿਦਿਆਰਥੀਆਂ ਵਿਚਾਲੇ ਝੜੱਪ ਹੋਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਇਸ ਤੋਂ ਬਾਅਦ ਸਥਾਨਕ ਕਿਰਗਿਜ਼ ਵਿਦਿਆਰਥੀਆਂ ਨੇ ਭਾਰਤੀ, ਪਾਕਿਸਤਾਨੀ ਅਤੇ ਬੰਗਲਾਦੇਸ਼ੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ। ਦਰਅਸਲ, ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਵੱਡੀ ਗਿਣਤੀ ਵਿਦਿਆਰਥੀ ਡਾਕਟਰੀ ਦੀ ਪੜ੍ਹਾਈ ਕਰਨ ਲਈ ਕਿਰਗਿਸਤਾਨ ਜਾਂਦੇ ਹਨ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਮਲਿਆਂ ‘ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਪਾਕਿਸਤਾਨ ਦੇ ਰਾਜਦੂਤ (Kyrgyzstan) ਨੂੰ ਹਦਾਇਤ ਕੀਤੀ ਹੈ ਕਿ ਉਹ ਵਿਦਿਆਰਥੀਆਂ ਨੂੰ ਲੋੜੀਂਦੀ ਮੱਦਦ ਮੁਹੱਈਆ ਕਰਵਾਉਣ। ਸਥਿਤੀ ਦੇ ਮੱਦੇਨਜ਼ਰ ਪਾਕਿਸਤਾਨੀ ਦੂਤਾਵਾਸ ਨੇ ਵੀ ਵਿਦਿਆਰਥੀਆਂ ਨੂੰ ਆਪਣੇ ਕਮਰਿਆਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ।