ਚੰਡੀਗੜ੍ਹ, 7 ਮਾਰਚ 2025: ਭਾਰਤੀ ਹਵਾਈ ਫੌਜ (Indian Air Force) ਦਾ ਜੈਗੁਆਰ ਲੜਾਕੂ ਜਹਾਜ਼ ਸ਼ੁੱਕਰਵਾਰ ਨੂੰ ਹਰਿਆਣਾ ਦੇ ਪੰਚਕੂਲਾ ਦੇ ਮੋਰਨੀ ਦੇ ਬਾਲਦਵਾਲਾ ਪਿੰਡ ਨੇੜੇ ਹਾਦਸਾਗ੍ਰਸਤ ਹੋ ਗਿਆ। ਭਾਰਤੀ ਹਵਾਈ ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੇ ਅੰਬਾਲਾ ਏਅਰਬੇਸ ਤੋਂ ਸਿਖਲਾਈ ਉਡਾਣ ਲਈ ਉਡਾਣ ਭਰੀ ਸੀ। ਪਾਇਲਟ ਨੇ ਪੈਰਾਸ਼ੂਟ ਨਾਲ ਲੈਂਡਿੰਗ ਕਰਕੇ ਆਪਣੀ ਜਾਨ ਬਚਾਈ।
ਅਧਿਕਾਰੀ ਨੇ ਕਿਹਾ ਕਿ ਇਸ ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਹਾਲਾਂਕਿ, ਇਹ ਮੰਨਿਆ ਜਾ ਰਿਹਾ ਹੈ ਕਿ ਜਹਾਜ਼ ਤਕਨੀਕੀ ਖਰਾਬੀ ਕਾਰਨ ਹਾਦਸਾਗ੍ਰਸਤ ਹੋਇਆ। ਚਸ਼ਮਦੀਦਾਂ ਦੇ ਮੁਤਾਬਕ ਜਹਾਜ਼ ਹਿੱਲਦੇ ਦਰੱਖਤਾਂ ਨਾਲ ਟਕਰਾ ਗਿਆ ਅਤੇ ਜੰਗਲ ਦੇ ਵਿਚਕਾਰ ਇੱਕ ਖਾਈ ‘ਚ ਡਿੱਗ ਗਿਆ। ਜਿਵੇਂ ਹੀ ਜਹਾਜ਼ ਡਿੱਗਿਆ, ਇਸ ‘ਚ ਅੱਗ ਲੱਗ ਗਈ ਅਤੇ ਕਈ ਟੁਕੜਿਆਂ ‘ਚ ਟੁੱਟ ਗਿਆ। ਜਹਾਜ਼ ਦੇ ਟੁਕੜੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਖਿੰਡੇ ਹੋਏ ਮਿਲੇ।
ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ, ਪੁਲਿਸ ਅਤੇ ਹਵਾਈ ਫੌਜ (Indian Air Force) ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਹਵਾਈ ਫੌਜ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਕੋਰਟ ਆਫ਼ ਇਨਕੁਆਰੀ ਦਾ ਹੁਕਮ ਦਿੱਤਾ ਹੈ।
Read More: Plane Crash:ਆਗਰਾ ‘ਚ ਭਾਰਤੀ ਹਵਾਈ ਫੌਜ ਦਾ ਜਹਾਜ਼ ਮਿਗ-29 ਹਾਦਸਾਗ੍ਰਸਤ