Asian Games

ਏਸ਼ਿਆਈ ਖੇਡਾਂ ਦੇ 10ਵੇਂ ਦਿਨ ਭਾਰਤ ਨੇ ਹੁਣ ਤੱਕ 2 ਕਾਂਸੀ ਦੇ ਤਮਗੇ ਜਿੱਤੇ, ਲਵਲੀਨਾ ਬੋਰਗੋਹੇਨ ਨੇ ਫਾਈਨਲ ‘ਚ ਬਣਾਈ ਥਾਂ

ਚੰਡੀਗੜ੍ਹ, 03 ਅਕਤੂਬਰ 2023: 19ਵੀਆਂ ਏਸ਼ਿਆਈ ਖੇਡਾਂ (Asian Games) ਵਿੱਚ ਭਾਰਤੀ ਖਿਡਾਰੀਆਂ ਦਾ ਜ਼ਬਰਦਸਤ ਪ੍ਰਦਰਸ਼ਨ ਜਾਰੀ ਹੈ। ਅੱਜ ਖੇਡਾਂ ਦੇ 10ਵੇਂ ਦਿਨ ਭਾਰਤ ਨੇ ਹੁਣ ਤੱਕ 2 ਕਾਂਸੀ ਦੇ ਤਮਗੇ ਜਿੱਤੇ ਹਨ। ਭਾਰਤ ਲਈ ਪਹਿਲੀ 1000 ਮੀਟਰ ਕੈਨੋ ਸਪ੍ਰਿੰਟ ਵਿੱਚ ਅਰਜੁਨ ਸਿੰਘ ਅਤੇ ਸੁਨੀਲ ਸਲਾਮ ਨੇ 3 ਮਿੰਟ 53.329 ਸਕਿੰਟ ਵਿੱਚ ਦੌੜ ਪੂਰੀ ਕਰਕੇ ਕਾਂਸੀ ਦਾ ਤਮਗਾ ਜਿੱਤਿਆ। ਇਸ ਤੋਂ ਬਾਅਦ ਮਹਿਲਾ 50-54 ਕਿਲੋਗ੍ਰਾਮ ਮੁੱਕੇਬਾਜ਼ੀ ਮੁਕਾਬਲੇ ‘ਚ ਭਾਰਤ ਦੀ ਪ੍ਰੀਤੀ ਸੈਮੀਫਾਈਨਲ ‘ਚ ਹਾਰ ਗਈ ਅਤੇ ਉਸ ਨੂੰ ਕਾਂਸੀ ਦੇ ਤਮਗੇ ਨਾਲ ਸਬਰ ਕਰਨਾ ਪਿਆ।

ਦੂਜੇ ਪਾਸੇ ਭਾਰਤ ਦੀ ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਨੇ ਮੁੱਕੇਬਾਜ਼ੀ ਦੇ ਮਹਿਲਾ 50-54 ਕਿਲੋਗ੍ਰਾਮ ਮੁਕਾਬਲੇ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਦੇ ਨਾਲ ਹੀ ਉਸ ਨੇ ਇਸ ਈਵੈਂਟ ਵਿੱਚ ਭਾਰਤ ਲਈ ਓਲੰਪਿਕ ਕੋਟਾ ਵੀ ਹਾਸਲ ਕੀਤਾ।ਭਾਰਤ ਨੇ ਤੀਰਅੰਦਾਜ਼ੀ ਵਿੱਚ ਇੱਕ ਸੋਨ ਅਤੇ ਦੋ ਚਾਂਦੀ ਦੇ ਤਮਗੇ ਪੱਕੇ ਕੀਤੇ ਹਨ। ਸੋਨ ਤਮਗੇ ਦੇ ਮੈਚ ਭਲਕੇ ਹੋਣਗੇ। ਹਾਂਗਜ਼ੂ, ਚੀਨ ਵਿੱਚ ਸਾਡੇ ਖਿਡਾਰੀਆਂ ਨੇ ਹੁਣ ਤੱਕ ਕੁੱਲ 62 ਤਮਗੇ ਜਿੱਤੇ ਹਨ ਜਿਨ੍ਹਾਂ ਵਿੱਚ 13 ਸੋਨ, 24 ਚਾਂਦੀ ਅਤੇ 25 ਕਾਂਸੀ ਤਮਗੇ ਸ਼ਾਮਲ ਹਨ।

ਕੱਲ੍ਹ ਭਾਰਤ ਦੇ ਸਟਾਰ ਅਥਲੀਟ ਅਵਿਨਾਸ਼ ਸਾਬਲੇ ਨੇ ਇਤਿਹਾਸ ਰਚ ਦਿੱਤਾ। ਉਸ ਨੇ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ 3000 ਮੀਟਰ ਸਟੀਪਲਚੇਜ਼ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਿਆ ਹੈ। ਇਸ ਈਵੈਂਟ ਵਿੱਚ ਇਹ ਪਹਿਲਾ ਗੋਲਡ ਹੈ। ਏਸ਼ਿਆਈ ਖੇਡਾਂ 1951 ਵਿੱਚ ਸ਼ੁਰੂ ਹੋਈਆਂ ਸਨ ਅਤੇ ਉਦੋਂ ਤੋਂ 3000 ਮੀਟਰ ਸਟੀਪਲਚੇਜ਼ (ਪੁਰਸ਼) ਮੁਕਾਬਲੇ ਸ਼ੁਰੂ ਹੋ ਗਏ ਸਨ, ਪਰ ਭਾਰਤ ਦੇ ਕਿਸੇ ਅਥਲੀਟ ਨੇ ਇਸ ਵਿੱਚ ਸੋਨ ਤਮਗਾ ਨਹੀਂ ਜਿੱਤਿਆ ਸੀ।

Scroll to Top