ਚੰਡੀਗੜ੍ਹ, 03 ਨਵੰਬਰ 2023: ਭਾਰਤ (India) ਨੇ ਦੋਵੇਂ ਦੇਸ਼ਾਂ ਦਰਮਿਆਨ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸ਼੍ਰੀਲੰਕਾ ਨੂੰ 1.5 ਕਰੋੜ ਡਾਲਰ ਦੀ ‘ਇਤਿਹਾਸਕ’ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਗ੍ਰਾਂਟ ‘ਤੇ ਦੁਵੱਲੇ ਸਮਝੌਤੇ ‘ਤੇ ਵੀਰਵਾਰ ਨੂੰ ਕੋਲੰਬੋ ਦੇ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਸ਼੍ਰੀਲੰਕਾ ਦੀ ਤਿੰਨ ਦਿਨਾਂ ਯਾਤਰਾ ਦੌਰਾਨ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਸ਼੍ਰੀਲੰਕਾ ਦੇ ਰਾਸ਼ਟਰਪਤੀ ਦੇ ਮੀਡੀਆ ਡਿਵੀਜ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ 1.5 ਕਰੋੜ ਡਾਲਰ ਦੀ ਗ੍ਰਾਂਟ ਦੇ ਤਹਿਤ ਸ਼ੁਰੂ ਕੀਤਾ ਜਾਣ ਵਾਲਾ ਪਹਿਲਾ ਪ੍ਰੋਜੈਕਟ ਸ਼੍ਰੀਲੰਕਾ ਵਿੱਚ ਧਾਰਮਿਕ ਸਥਾਨਾਂ ਦਾ ਸੂਰਜੀ ਬਿਜਲੀਕਰਨ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਮਹੱਤਵਪੂਰਨ ਪ੍ਰੋਜੈਕਟ ਲਈ ਸਹਿਮਤੀ ਪੱਤਰ (ਐਮਓਯੂ) ਨੂੰ ਭਾਰਤ ਅਤੇ ਸ੍ਰੀਲੰਕਾ ਦੀਆਂ ਸਰਕਾਰਾਂ ਦੁਆਰਾ ਸਾਂਝੇ ਤੌਰ ‘ਤੇ ਅੰਤਿਮ ਰੂਪ ਦਿੱਤਾ ਗਿਆ ਸੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਕਰੋੜ ਡਾਲਰ ਦੀ ਗ੍ਰਾਂਟ ਨੇ ਭਾਰਤ (India) ਅਤੇ ਸ਼੍ਰੀਲੰਕਾ ਦਰਮਿਆਨ ਬੋਧੀ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀਰਵਾਰ ਨੂੰ ਸ਼੍ਰੀਲੰਕਾ ‘ਚ ਭਾਰਤੀ ਮੂਲ ਦੇ ਤਾਮਿਲਾਂ ਦੀ ਆਮਦ ਦੀ 200ਵੀਂ ਵਰ੍ਹੇਗੰਢ ਮਨਾਉਣ ਲਈ ਸ਼੍ਰੀਲੰਕਾ ਸਰਕਾਰ ਦੁਆਰਾ ਆਯੋਜਿਤ ‘NAAM 200’ ‘ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸ਼੍ਰੀਲੰਕਾ ‘ਚ ਸਨ।