ਨਵੀਂ ਦਿੱਲੀ, 23 ਅਗਸਤ 2025: ਰਾਸ਼ਟਰੀ ਪੁਲਾੜ ਦਿਵਸ ਦੇ ਮੌਕੇ ‘ਤੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ। ਇਸ ਮੌਕੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਨਾਲ ਗਗਨਯਾਨ ਮਿਸ਼ਨ ‘ਤੇ ਜਾ ਰਹੇ ਹੋਰ ਪੁਲਾੜ ਯਾਤਰੀ ਵੀ ਮੌਜੂਦ ਸਨ। ਇਸ ਦੇ ਨਾਲ ਹੀ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਅਤੇ ਇਸਰੋ ਦੇ ਚੇਅਰਮੈਨ ਵੀ ਨਾਰਾਇਣਨ ਵੀ ਪ੍ਰੋਗਰਾਮ ‘ਚ ਮੌਜੂਦ ਸਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਪ੍ਰੋਗਰਾਮ ਨੂੰ ਵਰਚੁਅਲੀ ਸੰਬੋਧਨ ਕੀਤਾ। ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਦੂਜੇ ਰਾਸ਼ਟਰੀ ਪੁਲਾੜ ਦਿਵਸ ਦੀ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ‘ਸ਼ੁਭਾਂਸ਼ੂ ਸ਼ੁਕਲਾ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਤਿਰੰਗਾ ਲਹਿਰਾ ਕੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ। ਜਦੋਂ ਉਹ ਮੈਨੂੰ ਤਿਰੰਗਾ ਦਿਖਾ ਰਹੇ ਸਨ, ਉਹ ਪਲ ਅਤੇ ਭਾਵਨਾ ਸ਼ਬਦਾਂ ਤੋਂ ਪਰੇ ਸੀ। ਅੱਜ ਭਾਰਤ ਸੈਮੀ-ਕ੍ਰਾਇਓਜੇਨਿਕ ਇੰਜਣ ਅਤੇ ਇਲੈਕਟ੍ਰਿਕ ਪ੍ਰੋਪਲਸ਼ਨ ਵਰਗੀਆਂ ਮਹੱਤਵਪੂਰਨ ਤਕਨਾਲੋਜੀਆਂ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਛੇਤੀ ਹੀ, ਸਾਡੇ ਵਿਗਿਆਨੀਆਂ ਦੀ ਸਖ਼ਤ ਮਿਹਨਤ ਨਾਲ, ਗਗਨਯਾਨ ਵੀ ਸਫਲਤਾ ਵੱਲ ਉੱਡ ਜਾਵੇਗਾ ਅਤੇ ਆਉਣ ਵਾਲੇ ਸਮੇਂ ‘ਚ ਭਾਰਤ ਆਪਣਾ ਪੁਲਾੜ ਸਟੇਸ਼ਨ ਵੀ ਬਣਾਏਗਾ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਇਸ ਵਾਰ ਦੇ ਪੁਲਾੜ ਦਿਵਸ ਦਾ ਵਿਸ਼ਾ ਆਰਿਆਭੱਟ ਤੋਂ ਗਗਨਯਾਨ ਤੱਕ ਹੈ। ਇਸ ‘ਚ ਭੂਤਕਾਲ ਦਾ ਵਿਸ਼ਵਾਸ ਵੀ ਹੈ ਅਤੇ ਭਵਿੱਖ ਦਾ ਸੰਕਲਪ ਵੀ। ਅੱਜ ਅਸੀਂ ਦੇਖ ਰਹੇ ਹਾਂ ਕਿ ਇੰਨੇ ਘੱਟ ਸਮੇਂ ‘ਚ ਰਾਸ਼ਟਰੀ ਪੁਲਾੜ ਦਿਵਸ ਸਾਡੇ ਨੌਜਵਾਨਾਂ ‘ਚ ਉਤਸ਼ਾਹ ਅਤੇ ਖਿੱਚ ਦਾ ਵਿਸ਼ਾ ਬਣ ਗਿਆ ਹੈ ਅਤੇ ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਪੁਲਾੜ ਖੇਤਰ ‘ਚ ਇੱਕ ਤੋਂ ਬਾਅਦ ਇੱਕ ਨਵੀਂ ਪ੍ਰਾਪਤੀ ਪ੍ਰਾਪਤ ਕਰਨਾ ਭਾਰਤ ਅਤੇ ਭਾਰਤੀ ਵਿਗਿਆਨੀਆਂ ਦਾ ਸੁਭਾਅ ਬਣ ਗਿਆ ਹੈ। ਸਿਰਫ਼ ਦੋ ਸਾਲ ਪਹਿਲਾਂ, ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਪਹੁੰਚ ਕੇ ਇਤਿਹਾਸ ਰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਸੀ। ਅਸੀਂ ਉਨ੍ਹਾਂ ਦੇਸ਼ਾਂ ‘ਚ ਵੀ ਸ਼ਾਮਲ ਹੋ ਗਏ ਹਾਂ, ਜਿਨ੍ਹਾਂ ਨੇ ਪੁਲਾੜ ‘ਚ ਡੌਕਿੰਗ ਅਤੇ ਅਨਡੌਕਿੰਗ ਦੀ ਸਮਰੱਥਾ ਪ੍ਰਾਪਤ ਕੀਤੀ ਹੈ।’
Read More: ਡਰੈਗਨ ਕੈਪਸੂਲ ਤੋਂ ਬਾਹਰ ਆਏ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ