ਇੰਗਲੈਂਡ , 03 ਜੁਲਾਈ 2025: ਭਾਰਤ ਅੰਡਰ-19 ਨੇ ਨੌਰਥੈਂਪਟਨ ‘ਚ ਖੇਡੇ ਤੀਜੇ ਯੂਥ ਵਨਡੇ ਅੰਤਰਰਾਸ਼ਟਰੀ ਮੈਚ ‘ਚ ਇੰਗਲੈਂਡ-19 ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤੀ ਟੀਮ ਨੇ 5 ਮੈਚਾਂ ਦੀ ਸੀਰੀਜ਼ ‘ਚ 2-1 ਦੀ ਬੜ੍ਹਤ ਬਣਾ ਲਈ ਹੈ। ਇਸ ਮੈਚ ‘ਚ ਜਿੱਤ ਦਾ ਹੀਰੋ 14 ਸਾਲਾ ਵੈਭਵ ਸੂਰਿਆਵੰਸ਼ੀ ਸੀ। ਉਨ੍ਹਾਂ ਨੇ 31 ਗੇਂਦਾਂ ‘ਚ 86 ਦੌੜਾਂ ਬਣਾਈਆਂ।
ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੀਂਹ ਕਾਰਨ ਮੈਚ 40-40 ਓਵਰਾਂ ਲਈ ਖੇਡਿਆ ਗਿਆ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ਦੇ ਨੁਕਸਾਨ ‘ਤੇ 268 ਦੌੜਾਂ ਬਣਾਈਆਂ। ਇਸ ਦੇ ਨਾਲ ਹੀ 269 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵਾਲੀ ਭਾਰਤੀ ਟੀਮ ਨੇ 33 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਪ੍ਰਾਪਤ ਕਰ ਲਈ |
ਇੰਗਲੈਂਡ ਲਈ ਥਾਮਸ ਰਿਊ ਨੇ ਸ਼ਾਨਦਾਰ ਨਾਬਾਦ 76 ਦੌੜਾਂ (44 ਗੇਂਦਾਂ, 9 ਚੌਕੇ, 3 ਛੱਕੇ) ਬਣਾਈਆਂ, ਜਦੋਂ ਕਿ ਬੇਨ ਡਾਕਿੰਸ ਨੇ 62 ਅਤੇ ਇਸਹਾਕ ਮੁਹੰਮਦ ਨੇ 41 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਰਿਊ ਅਤੇ ਰਾਲਫੀ ਐਲਬਰਟ (21) ਨੇ 60 ਦੌੜਾਂ ਦੀ ਸਾਂਝੇਦਾਰੀ ਕਰਕੇ ਸਕੋਰ 268 ਤੱਕ ਪਹੁੰਚਾਇਆ।
ਭਾਰਤ ਵੱਲੋਂ ਵੈਭਵ ਸੂਰਿਆਵੰਸ਼ੀ ਨੇ 269 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਭਾਰਤੀ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ। ਉਨ੍ਹਾਂ ਨੇ ਮੋਰਗਨ ਦੇ ਇੱਕ ਓਵਰ ‘ਚ ਲਗਾਤਾਰ ਦੋ ਛੱਕੇ ਲਗਾ ਕੇ ਭਾਰਤ ਦਾ ਸਕੋਰ 4.4 ਓਵਰਾਂ ‘ਚ 50 ਦੌੜਾਂ ਤੱਕ ਪਹੁੰਚਾਇਆ। ਸੂਰਿਆਵੰਸ਼ੀ ਨੇ ਭਾਰਤ ਅੰਡਰ-19 ਦੇ ਇਤਿਹਾਸ ‘ਚ ਤੀਜਾ ਸਭ ਤੋਂ ਤੇਜ਼ ਅਰਧ ਸੈਂਕੜਾ ਸਿਰਫ਼ 20 ਗੇਂਦਾਂ ‘ਚ ਲਗਾਇਆ ਅਤੇ 31 ਗੇਂਦਾਂ ‘ਚ 86 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ‘ਚ 6 ਚੌਕੇ ਅਤੇ 9 ਛੱਕੇ ਲਗਾਏ। ਭਾਰਤ ਨੇ ਇੰਗਲੈਂਡ ਦੇ 268/6 ਦੇ ਜਵਾਬ ‘ਚ 33 ਗੇਂਦਾਂ ਬਾਕੀ ਰਹਿੰਦਿਆਂ 40 ਓਵਰਾਂ ਦਾ ਮੈਚ ਜਿੱਤ ਲਿਆ।
Read More: IND ਬਨਾਮ ENG: ਲੰਚ ਬ੍ਰੇਕ ਤੱਕ ਭਾਰਤ ਨੇ 98 ਸਕੋਰ ‘ਤੇ 2 ਵਿਕਟਾਂ ਗੁਆਈਆਂ, ਜੈਸਵਾਲ ਨੇ ਜੜਿਆ ਅਰਧ ਸੈਂਕੜਾ




