ਚੰਡੀਗੜ੍ਹ, 08 ਨਵੰਬਰ 2024: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਨੇ ਇਕ ਵਾਰ ਫਿਰ ਭਾਰਤ ਦੀ ਤਾਰੀਫ਼ ਕੀਤੀ ਹੈ | ਵਲਾਦੀਮੀਰ ਪੁਤਿਨ ਨੇ ਇੱਕ ਸਮਾਗਮ ਦੌਰਾਨ ਕਿਹਾ ਕਿ ਭਾਰਤ ਅਤੇ ਰੂਸ ਵਿਚਾਲੇ ਸਹਿਯੋਗ ਲਗਾਤਾਰ ਵਧ ਰਿਹਾ ਹੈ। ਪੁਤਿਨ ਨੇ ਕਿਹਾ ਕਿ ਭਾਰਤ ਨੂੰ ਮਹਾਨ ਦੇਸ਼ ਅਤੇ ਭਾਰਤ ਦੀ ਆਰਥਿਕ ਤਰੱਕੀ ਅਤੇ ਇਸ ਦੀ ਵਿਸ਼ਾਲਤਾ ਨੂੰ ਧਿਆਨ ‘ਚ ਰੱਖਦੇ ਹੋਏ ਇਸ ਨੂੰ ਆਲਮੀ ਮਹਾਸ਼ਕਤੀਆਂ ਦੀ ਸੂਚੀ ‘ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਇਸਦੇ ਨਾਲ ਹੀ ਪੁਤਿਨ (Vladimir Putin) ਨੇ ਆਪਣੇ ਸੰਬੋਧਨ ‘ਚ ਕਿਹਾ ਕਿ ‘ਅਸੀਂ ਭਾਰਤ ਨਾਲ ਵੱਖ-ਵੱਖ ਖੇਤਰਾਂ ‘ਚ ਆਪਣੇ ਸਬੰਧਾਂ ਨੂੰ ਵਿਕਸਿਤ ਕਰ ਰਹੇ ਹਾਂ। ਭਾਰਤ ਇੱਕ ਮਹਾਨ ਦੇਸ਼ ਹੈ। ਇਹ ਆਰਥਿਕ ਵਿਕਾਸ ਦੇ ਮਾਮਲੇ ‘ਚ ਪ੍ਰਮੁੱਖ ਅਰਥਚਾਰਿਆਂ ਵਿੱਚ ਵੀ ਪ੍ਰਮੁੱਖ ਹੈ।
ਇਸ ਦੀ ਜੀਡੀਪੀ 7.4 ਫੀਸਦੀ ਦੀ ਦਰ ਨਾਲ ਵਧ ਰਹੀ ਹੈ। ਰੂਸ ਅਤੇ ਭਾਰਤ ਵਿਚਾਲੇ ਸਹਿਯੋਗ ਹਰ ਸਾਲ ਵਧ ਰਿਹਾ ਹੈ। ਪੁਤਿਨ ਨੇ ਸੋਵੀਅਤ ਸੰਘ ਦੇ ਸਮੇਂ ਤੋਂ ਭਾਰਤ ਨਾਲ ਰੂਸ ਦੇ ਸਬੰਧਾਂ ਦੀ ਗੱਲ ਕੀਤੀ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਬਹੁਤ ਖਾਸ ਦੱਸਿਆ ਹੈ। ਪੁਤਿਨ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ‘ਚ ਸੋਵੀਅਤ ਸੰਘ ਨੇ ਵੀ ਭੂਮਿਕਾ ਨਿਭਾਈ ਸੀ।
ਪੁਤਿਨ ਨੇ ਕਿਹਾ ਕਿ ‘ਭਾਰਤ ਨੂੰ ਵਿਸ਼ਵ ਮਹਾਂਸ਼ਕਤੀਆਂ ਦੀ ਸੂਚੀ ‘ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਹ ਡੇਢ ਅਰਬ ਲੋਕਾਂ ਦਾ ਦੇਸ਼ ਹੈ ਅਤੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾਵਾਂ ‘ਚੋਂ ਇੱਕ ਹੈ। ਇਸ ਦੀ ਸੰਸਕ੍ਰਿਤੀ ਬਹੁਤ ਪ੍ਰਾਚੀਨ ਹੈ ਅਤੇ ਭਵਿੱਖ ਵਿੱਚ ਵਿਕਾਸ ਦੀਆਂ ਅਪਾਰ ਸੰਭਾਵਨਾਵਾਂ ਹਨ।