ਚੰਡੀਗੜ੍ਹ, 12 ਸਤੰਬਰ 2023: ਸੰਯੁਕਤ ਰਾਸ਼ਟਰ (United Nations) ‘ਚ ਜਾਣਕਾਰੀ ਦਿੰਦੇ ਹੋਏ ਭਾਰਤ ਨੇ ਕਿਹਾ ਕਿ ਭਾਰਤ ਅਫਗਾਨਿਸਤਾਨ ਦਾ ਗੁਆਂਢੀ ਅਤੇ ਵਿਕਾਸ ਭਾਈਵਾਲ ਹੈ। ਦੋਵੇਂ ਦੇਸ਼ ਨਜ਼ਦੀਕੀ ਇਤਿਹਾਸਕ ਸੱਭਿਅਤਾਵਾਂ ਹਨ। ਅਸੀਂ ਅਫਗਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਦੇ ਸਮਰਥਕ ਹਾਂ ਅਤੇ ਅਫਗਾਨਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਾਂ।
ਭਾਰਤ ਨੇ ਸੰਯੁਕਤ ਰਾਸ਼ਟਰ (United Nations) ਦੀ 54ਵੀਂ ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਬੈਠਕ ਨੂੰ ਦੱਸਿਆ ਕਿ ਅਸੀਂ ਅਫਗਾਨਿਸਤਾਨ ਨੂੰ 50 ਹਜ਼ਾਰ ਮੀਟ੍ਰਿਕ ਟਨ ਅਨਾਜ, 28 ਟਨ ਆਫਤ ਰਾਹਤ ਪੈਕੇਜ, 200 ਟਨ ਦਵਾਈਆਂ, ਟੀਕੇ ਅਤੇ ਹੋਰ ਮੈਡੀਕਲ ਸਮੱਗਰੀ ਭੇਜੀ ਹੈ। ਭਾਰਤ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਕੰਮ ਵਿੱਚ ਭਾਈਵਾਲ ਹੈ, ਜਿਸ ਦੇ ਤਹਿਤ ਅਫਗਾਨਿਸਤਾਨ ਵਿੱਚ ਬੀਬੀਆਂ ਦੇ ਮੁੜ ਵਸੇਬਾ ਕੇਂਦਰਾਂ ਨੂੰ 11 ਹਜ਼ਾਰ ਯੂਨਿਟ ਮਹਿਲਾ ਸਿਹਤ ਕਿੱਟਾਂ ਅਤੇ ਕੰਬਲ ਵੀ ਭੇਜੇ ਗਏ ਹਨ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਹਾਈ ਕਮਿਸ਼ਨਰ ਦੇ ਦਫਤਰ ਵਿਖੇ ਹੋਈ ਚਰਚਾ ਦੌਰਾਨ ਦਿੱਤੀ ਗਈ।
ਤੁਹਾਨੂੰ ਦੱਸ ਦਈਏ ਕਿ ਵਿਸ਼ਵ ਖੁਰਾਕ ਪ੍ਰੋਗਰਾਮ ਨੇ ਵੀ ਸੰਕਟ ਨਾਲ ਜੂਝ ਰਹੇ ਅਫਗਾਨਿਸਤਾਨ ਦੇ ਲੋਕਾਂ ਲਈ ਮੱਦਦ ਭੇਜਣ ਵਿੱਚ ਭਾਰਤ ਦੀ ਮੱਦਦ ਕੀਤੀ ਸੀ। ਕਰੀਬ ਦੋ ਸਾਲ ਪਹਿਲਾਂ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਮੁੜ ਸੱਤਾ ਸੰਭਾਲਣ ਤੋਂ ਬਾਅਦ ਅਫਗਾਨਿਸਤਾਨ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਭਾਰਤ ਅਫਗਾਨਿਸਤਾਨ ਦੇ ਲੋਕਾਂ ਨੂੰ ਮੈਡੀਕਲ ਅਤੇ ਭੋਜਨ ਸਹਾਇਤਾ ਸਮੇਤ ਹੋਰ ਮਾਨਵੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਵਰਲਡ ਫੂਡ ਪ੍ਰੋਗਰਾਮ ਨੇ ਕਿਹਾ ਕਿ ਅਸੀਂ ਇਸ ਸਾਲ ਦੀ ਪਹਿਲੀ ਛਿਮਾਹੀ ਵਿੱਚ ਡਬਲਯੂਐਫਪੀ ਤੋਂ ਅਫਗਾਨਿਸਤਾਨ ਵਿੱਚ 16 ਮਿਲੀਅਨ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਇਆ ਹੈ। ਅਸੀਂ ਭਾਰਤ ਵਰਗੇ ਉਦਾਰ ਦਾਨੀਆਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਸੰਭਵ ਕੀਤਾ ਹੈ।