ਚੰਡੀਗੜ੍ਹ, 12 ਨਵੰਬਰ 2024: ਨਵੀਂ ਦਿੱਲੀ ਵਿਖੇ ਭਾਰਤ ਅਤੇ ਰੂਸ (India and Russia) ਦਰਮਿਆਨ ਵਪਾਰ, ਆਰਥਿਕਤਾ, ਵਿਗਿਆਨਕ ਤਕਨਾਲੋਜੀ ਮਾਮਲਿਆਂ ਬਾਰੇ ਅੰਤਰ-ਸਰਕਾਰੀ ਕਮਿਸ਼ਨ ਦੀ 25ਵੀਂ ਬੈਠਕ ਹੋ ਰਹੀ ਹੈ। ਇਸ ਬੈਠਕ ‘ਚ ਭਾਰਤ ਦੇ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਵੱਲੋਂ ਕੀਤੀ ਗਈ ਹੈ |
ਇਸਦੇ ਨਾਲ ਹੀ ਰੂਸੀ ਵਫ਼ਦ ਦੀ ਅਗਵਾਈ ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਡੇਨਿਸ ਮੰਤੁਰੋਵ ਕਰ ਰਹੇ ਹਨ। ਬੈਠਕ ਦੌਰਾਨ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਰੂਸ ਵਿਚਾਲੇ ਵਪਾਰ ਸਾਲ 2030 ਤੱਕ 100 ਅਰਬ ਡਾਲਰ ਤੱਕ ਵਧ ਜਾਵੇਗਾ।
ਐਸ ਜੈਸ਼ੰਕਰ ਨੇ ਕਿਹਾ ਕਿ ਬੈਠਕ ਦੌਰਾਨ ਖੁਰਾਕ ਸੁਰੱਖਿਆ ਅਤੇ ਸਿਹਤ ਸੁਰੱਖਿਆ ਦੇ ਮੁੱਦੇ ‘ਤੇ ਵੀ ਚਰਚਾ ਕੀਤੀ ਗਈ ਹੈ। ਰੂਸ ਭਾਰਤ ਲਈ ਖਾਦ, ਕੱਚਾ ਤੇਲ, ਕੋਲਾ ਅਤੇ ਯੂਰੇਨੀਅਮ ਦਾ ਮੁੱਖ ਸਰੋਤ ਬਣ ਕੇ ਉਭਰਿਆ ਹੈ। ਇਸ ਤੋਂ ਇਲਾਵਾ ਭਾਰਤ ਦਾ ਫਾਰਮਾਸਿਊਟੀਕਲ ਉਦਯੋਗ ਵੀ ਰੂਸ ਲਈ ਸਸਤਾ ਅਤੇ ਭਰੋਸੇਮੰਦ ਸਰੋਤ ਬਣ ਗਿਆ ਹੈ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ‘ਦੋਵਾਂ ਦੇਸ਼ਾਂ (India and Russia) ਵਿਚਾਲੇ ਵਪਾਰ ‘ਚ ਕੁਝ ਚੁਣੌਤੀਆਂ ਹਨ, ਖਾਸ ਤੌਰ ‘ਤੇ ਭੁਗਤਾਨ ਅਤੇ ਸਪਲਾਈ ਨਾਲ ਸਬੰਧਤ ਹੈ । ਇਸ ਮਾਮਲੇ ‘ਚ ਬਹੁਤ ਕੁਝ ਕੀਤਾ ਗਿਆ ਹੈ, ਪਰ ਕੁਝ ਕੰਮ ਅਜੇ ਵੀ ਬਾਕੀ ਹੈ। ਉੱਤਰ-ਦੱਖਣੀ ਟਰਾਂਸਪੋਰਟ ਕੋਰੀਡੋਰ, ਚੇਨਈ-ਵਲਾਦੀਵੋਸਤੋਕ ਕੋਰੀਡੋਰ ਅਤੇ ਉੱਤਰੀ ਸਮੁੰਦਰੀ ਰੂਟ ਵਰਗੀਆਂ ਕਨੈਕਟੀਵਿਟੀ ਸਬੰਧੀ ਸਾਡੇ ਸਾਂਝੇ ਯਤਨਾਂ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ।
ਇਸ ਬੈਠਕ ਦੌਰਾਨ ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਡੇਨਿਸ ਮੰਤੁਰੋਵ ਨੇ ਕਿਹਾ ਕਿ ਭਾਰਤ ਅਤੇ ਰੂਸ ਵਿਚਕਾਰ ਵਪਾਰ ਪਿਛਲੇ 5 ਸਾਲਾਂ ‘ਚ ਪੰਜ ਗੁਣਾ ਤੋਂ ਵੱਧ ਵਧਿਆ ਹੈ। ਭਾਰਤ ਹੁਣ ਰੂਸ ਦੇ ਸਾਰੇ ਵਿਦੇਸ਼ੀ ਆਰਥਿਕ ਭਾਈਵਾਲਾਂ ਵਿੱਚੋਂ ਦੂਜਾ ਸਭ ਤੋਂ ਮਹੱਤਵਪੂਰਨ ਦੇਸ਼ ਹੈ। ਅਸੀਂ EEU ਅਤੇ ਭਾਰਤ ਵਿਚਕਾਰ ਇੱਕ ਮੁਕਤ ਵਪਾਰ ਸਮਝੌਤੇ ਦੇ ਨਾਲ-ਨਾਲ ਸੇਵਾਵਾਂ ਅਤੇ ਨਿਵੇਸ਼ ‘ਤੇ ਇੱਕ ਦੁਵੱਲੇ ਸਮਝੌਤੇ ‘ਤੇ ਹਸਤਾਖਰ ਕਰਨ ਲਈ ਵਚਨਬੱਧ ਹਾਂ।