ਚੰਡੀਗੜ੍ਹ, 19 ਸਤੰਬਰ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (Nawaz Sharif) ਨੇ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਸਾਬਕਾ ਜਾਸੂਸ ਫੈਜ਼ ਹਮੀਦ ਨੂੰ ਦੇਸ਼ ਦੇ ਖ਼ਰਾਬ ਹਲਾਤਾਂ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ, “ਅੱਜ ਭਾਰਤ ਚੰਨ ‘ਤੇ ਪਹੁੰਚ ਗਿਆ ਹੈ, ਭਾਰਤ ਵਿੱਚ ਜੀ-20 ਦੀ ਬੈਠਕ ਹੋ ਰਹੀ ਹੈ ਅਤੇ ਪਾਕਿਸਤਾਨ ਦੁਨੀਆ ਭਰ ਦੇ ਦੇਸ਼ਾਂ ਤੋਂ ਇੱਕ ਅਰਬ ਡਾਲਰ ਦੀ ਭੀਖ ਮੰਗ ਰਿਹਾ ਹੈ।
ਨਵਾਜ਼ ਸ਼ਰੀਫ਼ ਨੇ ਭਾਰਤ ਦੇ ਆਰਥਿਕ ਵਿਕਾਸ ਦੀ ਤਾਰੀਫ਼ ਕਰਦਿਆਂ ਪਾਕਿਸਤਾਨ ਨਾਲ ਇਸ ਦੀ ਤੁਲਨਾ ਕਰਦਿਆਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਪਾਕਿਸਤਾਨ ਕਰਜ਼ੇ ਵਿੱਚ ਡੂੰਘਾ ਹੈ ਅਤੇ ਇਸ ਨੂੰ ਨਾ ਮੋੜਨ ਦੀ ਕਗਾਰ ‘ਤੇ ਹੈ ਅਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੈਸੇ ਮੰਗਣ ਲਈ ਬੀਜਿੰਗ ਅਤੇ ਅਰਬ ਦੇਸ਼ਾਂ ਦੀਆਂ ਰਾਜਧਾਨੀਆਂ ਵਿੱਚ ਜਾਣਾ ਪੈਂਦਾ ਹੈ।
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਸਾਬਕਾ ਜਾਸੂਸ ਅਤੇ ਇੰਟਰ-ਸਰਵਿਸ ਇੰਟੈਲੀਜੈਂਸ (ਡੀਜੀ-ਆਈਐਸਆਈ) ਦੇ ਡਾਇਰੈਕਟਰ ਜਨਰਲ ਫੈਜ਼ ਹਮੀਦ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸਮਰਥਨ ਪ੍ਰਾਪਤ ਸੀ। ਬਾਜਵਾ ਦਾ ਕਾਰਜਕਾਲ ਖਾਨ ਦੇ ਸ਼ਾਸਨ ਦੌਰਾਨ ਵਧਾਇਆ ਗਿਆ ਸੀ ਅਤੇ ਉਨ੍ਹਾਂ ‘ਤੇ 2018 ਦੀਆਂ ਚੋਣਾਂ ‘ਚ ਸਾਬਕਾ ਕ੍ਰਿਕਟਰ ਦੀ ਜਿੱਤ ਯਕੀਨੀ ਬਣਾਉਣ ਲਈ ਚੋਣਾਂ ‘ਚ ਧਾਂਦਲੀ ਕਰਨ ਦਾ ਦੋਸ਼ ਹੈ।ਹਮੀਦ ਨੂੰ ਇਮਰਾਨ ਖਾਨ ਦੇ ਸ਼ਾਸਨ ਦੌਰਾਨ ਡੀਜੀ-ਆਈਐਸਆਈ ਨਿਯੁਕਤ ਕੀਤਾ ਗਿਆ ਸੀ।
ਇਸ ਦੌਰਾਨ ਨਵਾਜ਼ ਸ਼ਰੀਫ਼ (Nawaz Sharif) ਪਾਕਿਸਤਾਨ ਪਰਤਣਾ ਚਾਹੁੰਦੇ ਹਨ ਕਿਉਂਕਿ ਉੱਥੇ ਚੋਣਾਂ ਦੀ ਘੰਟੀ ਵੱਜ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ ਨੂੰ ਅਯੋਗ ਕਰਾਰ ਦੇ ਦਿੱਤਾ ਸੀ ਅਤੇ 2017 ‘ਚ ਕਿਸੇ ਵੀ ਜਨਤਕ ਅਹੁਦੇ ‘ਤੇ ਰਹਿਣ ‘ਤੇ ਰੋਕ ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਪਨਾਮਾ ਪੇਪਰਜ਼ ਖੁਲਾਸਿਆਂ ‘ਤੇ ਸੁਪਰੀਮ ਕੋਰਟ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਸਨ, ਜਿਸ ਤੋਂ ਬਾਅਦ 2018 ‘ਚ ਉਨ੍ਹਾਂ ‘ਤੇ ਫਿਰ ਤੋਂ ਪਾਬੰਦੀ ਲਗਾ ਦਿੱਤੀ ਗਈ ਸੀ।