July 5, 2024 7:13 am
ODI World Cup

ਵਨਡੇ ਵਿਸ਼ਵ ਕੱਪ ‘ਚ 15 ਅਕਤੂਬਰ ਨੂੰ ਭਿੜਣਗੇ ਭਾਰਤ-ਪਾਕਿਸਤਾਨ, ਸ਼ਡਿਊਲ ਜਲਦ ਕੀਤਾ ਜਾਵੇਗਾ ਜਾਰੀ

ਚੰਡੀਗੜ੍ਹ ,12 ਜੂਨ 2023: ਕ੍ਰਿਕਟ ਦਾ ਵਨਡੇ ਵਿਸ਼ਵ ਕੱਪ 2023 (ODI World Cup) ਅਕਤੂਬਰ ਤੋਂ ਨਵੰਬਰ ਤੱਕ ਭਾਰਤ ਵਿੱਚ ਖੇਡਿਆ ਜਾਵੇਗਾ। ਬੀਸੀਸੀਆਈ ਨੇ ਮੈਚਾਂ ਦਾ ਖਰੜਾ ਤਿਆਰ ਕਰਕੇ ਆਈਸੀਸੀ ਨੂੰ ਭੇਜ ਦਿੱਤਾ ਹੈ। ਡਰਾਫਟ ਮੁਤਾਬਕ ਟੂਰਨਾਮੈਂਟ ਦੀ ਸ਼ੁਰੂਆਤ 5 ਅਕਤੂਬਰ ਨੂੰ ਅਹਿਮਦਾਬਾਦ ਤੋਂ ਹੋਵੇਗੀ। ਉਦਘਾਟਨੀ ਮੈਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ।

ਭਾਰਤ ਦਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ਵਿੱਚ ਆਸਟਰੇਲੀਆ ਨਾਲ ਹੋਵੇਗਾ। ਟੂਰਨਾਮੈਂਟ ਦਾ ਸਭ ਤੋਂ ਵੱਡਾ ਮੈਚ ਯਾਨੀ ਭਾਰਤ ਅਤੇ ਪਾਕਿਸਤਾਨ ਵਿਚਾਲੇ 15 ਅਕਤੂਬਰ ਨੂੰ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਇੱਕ ਲੱਖ ਦਰਸ਼ਕਾਂ ਦੀ ਸਮਰੱਥਾ ਵਾਲੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ। ਵਿਸ਼ਵ ਕੱਪ ਦਾ ਫਾਈਨਲ 19 ਨਵੰਬਰ ਨੂੰ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ। ਅਹਿਮਦਾਬਾਦ ਤੋਂ ਇਲਾਵਾ ਪਾਕਿਸਤਾਨ ਦੇ ਮੈਚ ਹੈਦਰਾਬਾਦ, ਬੈਂਗਲੁਰੂ, ਚੇਨਈ ਅਤੇ ਕੋਲਕਾਤਾ ‘ਚ ਹੋਣਗੇ।

ਕ੍ਰਿਕੇਟ ਵੈੱਬਸਾਈਟ ESPNCRICINFO ਦੇ ਮੁਤਾਬਕ ICC ਨੇ ਵਿਸ਼ਵ ਕੱਪ ਖੇਡਣ ਵਾਲੀਆਂ ਸਾਰੀਆਂ ਟੀਮਾਂ ਨੂੰ ਇਸ ਸ਼ੈਡਿਊਲ ਦਾ ਡਰਾਫਟ ਭੇਜਿਆ ਹੈ। ਉਨ੍ਹਾਂ ਦੀ ਫੀਡ ਬੈਕ ਲੈਣ ਤੋਂ ਬਾਅਦ, ਅੰਤਿਮ ਸ਼ਡਿਊਲ ਅਗਲੇ ਹਫਤੇ ਜਾਰੀ ਕੀਤਾ ਜਾਵੇਗਾ। ਟੂਰਨਾਮੈਂਟ (ODI World Cup) ਸ਼ੁਰੂ ਹੋਣ ਵਿੱਚ 4 ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ 27 ਮਈ ਨੂੰ ਕਿਹਾ ਸੀ ਕਿ ਵਿਸ਼ਵ ਕੱਪ ਦਾ ਸਮਾਂ-ਸਾਰਣੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੌਰਾਨ ਜਾਰੀ ਕੀਤਾ ਜਾਵੇਗਾ। ਸ਼ੈਡਿਊਲ ਵਿੱਚ ਦੇਰੀ ਕਾਰਨ ਆਈਸੀਸੀ ਵਿਸ਼ਵ ਕੱਪ ਮੈਚਾਂ ਦੀਆਂ ਟਿਕਟਾਂ ਦੇ ਵੇਰਵੇ ਜਾਰੀ ਨਹੀਂ ਕਰ ਸਕੀ ਹੈ।