ਸਿਓਲ, ਦੱਖਣੀ ਕੋਰੀਆ, 21 ਮਈ 2025: ਸਿਓਲ ‘ਚ ਕਰਵਾਏ ਵੱਕਾਰੀ ਏਸ਼ੀਅਨ ਲੀਡਰਸ਼ਿਪ ਕਾਨਫਰੰਸ 2025 ‘ਚ ਆਪ੍ਰੇਸ਼ਨ ਸੰਧੂਰ ‘ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਭਾਰਤ ਹੁਣ ਸਿਰਫ਼ ਅੱ.ਤ.ਵਾ.ਦੀ ਹਮਲਿਆਂ ‘ਤੇ ਅਫਸੋਸ ਪ੍ਰਗਟ ਨਹੀਂ ਕਰਦਾ, ਸਗੋਂ ਹੁਣ ਸਟੀਕ ਅਤੇ ਫੈਸਲਾਕੁੰਨ ਫੌਜੀ ਕਾਰਵਾਈ ਨਾਲ ਵੀ ਜਵਾਬ ਦਿੰਦਾ ਹੈ, ਜਿਵੇਂ ਕਿ ਇਸਨੇ ਆਪ੍ਰੇਸ਼ਨ ਸੰਧੂਰ ‘ਚ ਕੀਤਾ ਸੀ।
ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ‘ਚ ਚੋਸੁਨ ਮੀਡੀਆ ਅਤੇ ਸੈਂਟਰ ਫਾਰ ਏਸ਼ੀਆ ਲੀਡਰਸ਼ਿਪ ਦੇ ਸਹਿਯੋਗ ਨਾਲ ਕਰਵਾਏ “ਪੂਰਬ ਦੇ ਦਾਵੋਸ” ਵਜੋਂ ਜਾਣੇ ਜਾਂਦੇ ਵੱਕਾਰੀ ਏਸ਼ੀਅਨ ਲੀਡਰਸ਼ਿਪ ਕਾਨਫਰੰਸ (ALC 2025) ‘ਚ ਬੋਲਦਿਆਂ, ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ, “22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱ.ਤ.ਵਾ.ਦੀ ਹਮਲੇ ‘ਚ 26 ਨਿਰਦੋਸ਼ ਨਾਗਰਿਕਾਂ ਦੀ ਮੌਤ ਤੋਂ ਬਾਅਦ, ਭਾਰਤ ਨੇ ‘ਆਪ੍ਰੇਸ਼ਨ ਸੰਧੂਰ’ ਰਾਹੀਂ ਸਪੱਸ਼ਟ ਕਰ ਦਿੱਤਾ ਕਿ ਜੇਕਰ ਸਾਡੇ ਦੇਸ਼ ਦੀ ਸ਼ਾਂਤੀ ਨਾਲ ਛੇੜਛਾੜ ਕੀਤੀ ਜਾਂਦੀ ਹੈ, ਤਾਂ ਅਸੀਂ ਅੱ.ਤ.ਵਾ.ਦੀ ਢਾਂਚੇ ਨੂੰ ਤਬਾਹ ਕਰ ਦੇਵਾਂਗੇ, ਭਾਵੇਂ ਉਹ ਦੇਸ਼ ਦੀਆਂ ਸਰਹੱਦਾਂ ਦੇ ਅੰਦਰ ਹੋਵੇ ਜਾਂ ਬਾਹਰ।”
ਪਾਕਿਸਤਾਨ ਨੂੰ ਦਿੱਤੀ ਸਖ਼ਤ ਚੇਤਾਵਨੀ
ਦੁਨੀਆ ਦੇ ਸਾਹਮਣੇ ਭਾਰਤ ਦੀ ਨਵੀਂ ਰਣਨੀਤੀ ‘ਤੇ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ‘ਆਪ੍ਰੇਸ਼ਨ ਸੰਧੂਰ’ ਨੇ ਸਾਬਤ ਕਰ ਦਿੱਤਾ ਕਿ ਭਾਰਤ ਹੁਣ ਇੱਕ ਨਵੀਂ ਫੌਜੀ ਅਤੇ ਕੂਟਨੀਤਕ ਨੀਤੀ ਦੇ ਤਹਿਤ ਕੰਮ ਕਰ ਰਿਹਾ ਹੈ। “ਅਸੀਂ ਹੁਣ ਸਿਰਫ਼ ਅੱ.ਤ.ਵਾ.ਦੀ ਹਮਲਿਆਂ ‘ਤੇ ਪ੍ਰਤੀਕਿਰਿਆ ਨਹੀਂ ਦਿੰਦੇ; ਅਸੀਂ ਹੁਣ ਅੱ.ਤ.ਵਾ.ਦ ਦੇ ਬੁਨਿਆਦੀ ਢਾਂਚੇ ਨੂੰ ਜੜ੍ਹੋਂ ਪੁੱਟ ਦਿੰਦੇ ਹਾਂ,”
ਰਾਘਵ ਚੱਢਾ ਨੇ ਕਿਹਾ ਕਿ ਭਾਰਤ ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਦੀ ਧਰਤੀ ਤੋਂ ਆਉਂਦੇ ਹਨ ਪਰ ਨਾਲ ਹੀ ਇਹ ਉਹ ਧਰਤੀ ਹੈ ਜਿੱਥੇ ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਵਰਗੇ ਕ੍ਰਾਂਤੀਕਾਰੀ ਵੀ ਪੈਦਾ ਹੋਏ ਸਨ। ਉਨ੍ਹਾਂ ਕਿਹਾ, “ਅਸੀਂ ਸ਼ਾਂਤੀ ‘ਚ ਵਿਸ਼ਵਾਸ ਰੱਖਦੇ ਹਾਂ, ਪਰ ਅੱ’ਤ’ਵਾ’ਦ ਦਾ ਸਮਰਥਨ ਕਰਨ ਵਾਲਿਆਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ।”
ਵਿਸ਼ਵ ਪੱਧਰ ‘ਤੇ ਭਾਰਤ ਦੀ ਇੱਕ ਨਵੀਂ ਤਸਵੀਰ ਕੀਤੀ ਪੇਸ਼
ਏਸ਼ੀਅਨ ਲੀਡਰਸ਼ਿਪ ਕਾਨਫਰੰਸ ‘ਚ ਰਾਘਵ ਚੱਢਾ ਨੇ ਭਾਰਤ ਦੀ ਤਸਵੀਰ ਨੂੰ ਇੱਕ ਨਿਰਣਾਇਕ, ਸਵੈ-ਨਿਰਭਰ ਅਤੇ ਰਣਨੀਤਕ ਤੌਰ ‘ਤੇ ਮਜ਼ਬੂਤ ਰਾਸ਼ਟਰ ਵਜੋਂ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਨੇ ਪਾਕਿਸਤਾਨ ਵੱਲੋਂ ਸਪਾਂਸਰ ਕੀਤੇ ਅੱ.ਤ.ਵਾਦ ਵਿਰੁੱਧ ਵਿਸ਼ਵ ਮੰਚ ‘ਤੇ ਏਕਤਾ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮੁਸੀਬਤ ਦੀ ਘੜੀ ‘ਚ ਭਾਰਤ ਇੱਕ ਨਿਰਣਾਇਕ ਅਤੇ ਦ੍ਰਿੜ ਰਾਸ਼ਟਰ ਵਜੋਂ ਉਭਰਿਆ ਹੈ | ਆਪ੍ਰੇਸ਼ਨ ਸੰਧੂਰ ਰਾਹੀਂ, ਭਾਰਤ ਸਰਕਾਰ ਅਤੇ ਸਾਡੀ ਭਾਰਤੀ ਫੌਜ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਸ਼ਾਂਤੀ ਦੇ ਹੱਕ ਵਿੱਚ ਹਾਂ, ਪਰ ਜੇਕਰ ਕੋਈ ਸਾਡੇ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਦਾ ਹੈ ਅਤੇ ਸਾਡੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਅਸੀਂ ਅੱਤਵਾਦੀ ਢਾਂਚੇ ਨੂੰ ਨਹੀਂ ਬਖਸ਼ਾਂਗੇ, ਭਾਵੇਂ ਉਹ ਕਿਤੇ ਵੀ ਹੋਵੇ।
ਭਾਰਤ ਦੀ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ
ਰਾਘਵ ਚੱਢਾ ਨੇ ਸਪੱਸ਼ਟ ਕੀਤਾ ਕਿ ਭਾਰਤ ਹੁਣ ਅੱ.ਤ.ਵਾ.ਦ ਪ੍ਰਤੀ “ਜ਼ੀਰੋ ਟੌਲਰੈਂਸ” ਨੀਤੀ ਦੀ ਪਾਲਣਾ ਕਰਦਾ ਹੈ। ਉਨ੍ਹਾਂ ਕਿਹਾ, “ਅੱਜ ਦਾ ਭਾਰਤ ਉਹ ਨਹੀਂ ਜੋ ਪਹਿਲਾਂ ਚੁੱਪ-ਚਾਪ ਹਮਲਿਆਂ ਨੂੰ ਬਰਦਾਸ਼ਤ ਕਰਦਾ ਸੀ। ਅਸੀਂ ਹੁਣ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰਦੇ ਪਰ ਸਰਹੱਦ ਪਾਰ ਕਰਕੇ ਅੱ.ਤ.ਵਾ.ਦੀ ਟਿਕਾਣਿਆਂ ਨੂੰ ਤਬਾਹ ਕਰਦੇ ਹਾਂ।”
ਰਾਘਵ ਚੱਢਾ ਨੇ ਕਿਹਾ, “ਭਾਰਤ ਹੁਣ ਅੱ.ਤ.ਵਾ.ਦ ਵਿਰੁੱਧ ਸਿਰਫ਼ ਕੂਟਨੀਤਕ ਬਿਆਨ ਨਹੀਂ ਦਿੰਦਾ, ਸਗੋਂ ਜ਼ਮੀਨੀ ਪੱਧਰ ‘ਤੇ ਕਾਰਵਾਈ ਵੀ ਕਰਦਾ ਹੈ। ਆਪ੍ਰੇਸ਼ਨ ਸੰਧੂਰ ਇਸਦਾ ਸਭ ਤੋਂ ਵੱਡਾ ਸਬੂਤ ਹੈ। ਭਾਰਤ ਹੁਣ ਨਾ ਸਿਰਫ਼ ਆਪਣੇ ਨਾਗਰਿਕਾਂ ਦੀ ਰੱਖਿਆ ਕਰਦਾ ਹੈ, ਸਗੋਂ ਦੁਨੀਆ ਨੂੰ ਅੱ.ਤ.ਵਾ.ਦ ਮੁਕਤ ਬਣਾਉਣ ‘ਚ ਯੋਗਦਾਨ ਪਾਉਣ ਲਈ ਵੀ ਤਿਆਰ ਹੈ।”
ਉੱਘੇ ਆਗੂਆਂ ਨਾਲ ਸਟੇਜ ਕੀਤੀ ਸਾਂਝੀ
ਇਸ ਸਾਲ ਦੇ ਏਸ਼ੀਅਨ ਲੀਡਰਸ਼ਿਪ ਕਾਨਫਰੰਸ ‘ਚ ਰਾਘਵ ਚੱਢਾ ਨੇ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ, ਸਾਬਕਾ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਟੋਨੀ ਐਬੋਟ, ਨੈੱਟਫਲਿਕਸ ਦੇ ਸੀਈਓ ਰੀਡ ਹੇਸਟਿੰਗਜ਼, ਬਲੈਕਸਟੋਨ ਦੇ ਸੀਈਓ ਸਟੀਵ ਸ਼ਵਾਰਜ਼ਮੈਨ ਅਤੇ ਹਾਰਵਰਡ ਸੈਂਟਰ ਫਾਰ ਪਬਲਿਕ ਲੀਡਰਸ਼ਿਪ ਦੇ ਡੀਨ ਵਿਲੀਅਮਜ਼ ਵਰਗੇ ਵਿਸ਼ਵਵਿਆਪੀ ਆਗੂਆਂ ਨਾਲ ਸਟੇਜ ਸਾਂਝੀ ਕੀਤੀ।
ਏਸ਼ੀਅਨ ਲੀਡਰਸ਼ਿਪ ਕਾਨਫਰੰਸ ਏਸ਼ੀਆ ਦਾ ਇੱਕ ਪ੍ਰਮੁੱਖ ਪਲੇਟਫਾਰਮ ਹੈ ਜਿੱਥੇ ਰਾਜਨੀਤੀ, ਕਾਰੋਬਾਰ, ਅਕਾਦਮਿਕ ਅਤੇ ਸਮਾਜ ਦੇ ਵਿਸ਼ਵ ਆਗੂ ਇਕੱਠੇ ਹੁੰਦੇ ਹਨ ਅਤੇ ਵਿਚਾਰ-ਵਟਾਂਦਰਾ ਕਰਦੇ ਹਨ। ਇਸ ਕਾਨਫਰੰਸ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਸਮੇਂ ‘ਚ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਜਾਰਜ ਡਬਲਯੂ. ਬੁਸ਼, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ, ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਡੇਵਿਡ ਕੈਮਰਨ, ਨੈੱਟਫਲਿਕਸ ਦੇ ਸੀਈਓ ਰੀਡ ਹੇਸਟਿੰਗਜ਼ ਅਤੇ ਬਲੈਕਸਟੋਨ ਦੇ ਸੀਈਓ ਸਟੀਵ ਸ਼ਵਾਰਜ਼ਮੈਨ ਵਰਗੀਆਂ ਉੱਘੀਆਂ ਸ਼ਖਸੀਅਤਾਂ ਇਸ ਪਲੇਟਫਾਰਮ ਨੂੰ ਸੰਬੋਧਨ ਕਰ ਚੁੱਕੀਆਂ ਹਨ।
ਇਸ ਸਾਲ ਦਾ ਵਿਸ਼ਾ: “ਰਾਸ਼ਟਰ ਦਾ ਉਦੈ: ਵੱਡੀ ਤਰੱਕੀ ਦੀ ਰਾਹ”
ਇਸ ਸਾਲ ਦੇ ਸੰਮੇਲਨ ਦਾ ਵਿਸ਼ਾ “ਰਾਸ਼ਟਰਾਂ ਦਾ ਉਦੈ: ਵੱਡੀ ਤਰੱਕੀ ਦੀ ਰਾਹ” ਹੈ, ਜੋ ਕਿ ਦੱਖਣੀ ਕੋਰੀਆ ਦੀ ਆਜ਼ਾਦੀ ਦੀ 80ਵੀਂ ਵਰ੍ਹੇਗੰਢ ਅਤੇ ਕੋਰੀਆਈ ਯੁੱਧ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪਲੇਟਫਾਰਮ ‘ਤੇ ਸਿਹਤ, ਜਲਵਾਯੂ ਪਰਿਵਰਤਨ ਅਤੇ ਭੂ-ਰਾਜਨੀਤਿਕ ਟਕਰਾਅ ਵਰਗੇ ਵਿਸ਼ਵਵਿਆਪੀ ਮੁੱਦਿਆਂ ‘ਤੇ ਡੂੰਘਾਈ ਨਾਲ ਚਰਚਾ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਤਿਆਰ ਕੀਤੀਆਂ ਜਾ ਸਕਣ।
ਰਾਘਵ ਚੱਢਾ ਨੂੰ ਯੰਗ ਗਲੋਬਲ ਲੀਡਰ ਪੁਰਸਕਾਰ ਮਿਲਿਆ
ਐਮਪੀ ਰਾਘਵ ਚੱਢਾ ਨੂੰ ਹਾਲ ਹੀ ‘ਚ ਗਲੋਬਲ ਇਕਨਾਮਿਕ ਫੋਰਮ (WEF) ਦੁਆਰਾ ਯੰਗ ਗਲੋਬਲ ਲੀਡਰ (YGL) ਵਜੋਂ ਚੁਣਿਆ ਗਿਆ ਹੈ। ਇਹ ਸਨਮਾਨ 40 ਸਾਲ ਤੋਂ ਘੱਟ ਉਮਰ ਦੇ ਵਿਸ਼ਵ ਆਗੂਆਂ ਨੂੰ ਦਿੱਤਾ ਜਾਂਦਾ ਹੈ ਜੋ ਇੱਕ ਬਿਹਤਰ ਭਵਿੱਖ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਸੰਸਦ ਮੈਂਬਰ ਰਾਘਵ ਚੱਢਾ ਆਪਣੇ ਨੀਤੀਗਤ ਗਿਆਨ, ਨੌਜਵਾਨ ਲੀਡਰਸ਼ਿਪ ਅਤੇ ਸ਼ਾਸਨ ‘ਚ ਨਵੀਨਤਾ ਲਈ ਜਾਣੇ ਜਾਂਦੇ ਹਨ। ਦਿੱਲੀ ਸਰਕਾਰ ‘ਚ ਰਹਿੰਦਿਆਂ, ਉਨ੍ਹਾਂ ਨੇ ਸਿਹਤ, ਪਾਣੀ ਅਤੇ ਵਿੱਤ ਵਰਗੇ ਖੇਤਰਾਂ ‘ਚ ਵੀ ਵੱਡੇ ਸੁਧਾਰ ਕੀਤੇ ਹਨ।
Read More: ਭਾਰਤ ਨੇ ਅਮਰੀਕਾ ਲਈ ਵਿਛਾਇਆ ਲਾਲ ਕਾਰਪੇਟ, ਬਦਲੇ ‘ਚ ਮਿਲਿਆ ਟੈਰਿਫ: MP ਰਾਘਵ ਚੱਢਾ