ਚੰਡੀਗੜ੍ਹ 26 ਜਨਵਰੀ 2023: ਭਾਰਤ ਨੇ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਬੈਠਕ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਪਾਕਿਸਤਾਨ ਦੇ ਚੀਫ਼ ਜਸਟਿਸ ਨੂੰ ਸੱਦਾ ਦਿੱਤਾ ਹੈ। ਇਸ ਦੌਰਾਨ ਖ਼ਬਰ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ (PM Shahbaz Sharif ) ਨੂੰ ਵੀ ਮਈ 2023 ਵਿੱਚ ਗੋਆ ਵਿੱਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਲਦੀ ਹੀ ਸੱਦਾ ਦਿੱਤਾ ਜਾਵੇਗਾ।
ਭਾਰਤ ਅੱਠ ਦੇਸ਼ਾਂ ਦੇ ਐਸਸੀਓ ਦਾ ਮੌਜੂਦਾ ਪ੍ਰਧਾਨ ਹੈ ਅਤੇ ਇਸ ਲਈ ਦੇਸ਼ਾਂ ਨੂੰ ਸੱਦਾ ਭੇਜਣਾ ਨੀਤੀ ਦੇ ਅਨੁਸਾਰ ਹੈ। ਐਸਸੀਓ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਮਈ ਦੇ ਪਹਿਲੇ ਹਫ਼ਤੇ ਗੋਆ ਵਿੱਚ ਹੋਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਭੁੱਟੋ ਜ਼ਰਦਾਰੀ ਨੂੰ ਸੱਦਾ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਦਿੱਤਾ ਹੈ। ਪਤਾ ਲੱਗਾ ਹੈ ਕਿ ਪਾਕਿਸਤਾਨ ਦੇ ਚੀਫ਼ ਜਸਟਿਸ ਦੇ ਦਫ਼ਤਰ ਨੂੰ ਮਾਰਚ ਵਿੱਚ ਭਾਰਤ ਦੀ ਮੇਜ਼ਬਾਨੀ ਵਿੱਚ ਹੋਣ ਵਾਲੀ ਐਸਸੀਓ ਦੇਸ਼ਾਂ ਦੇ ਚੀਫ਼ ਜਸਟਿਸਾਂ ਦੀ ਮੀਟਿੰਗ ਲਈ ਵੀ ਸੱਦਾ ਦਿੱਤਾ ਗਿਆ ਹੈ।
ਭੁੱਟੋ ਜ਼ਰਦਾਰੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਇਸ ਬਾਰੇ ਅਜੇ ਕੋਈ ਸੰਕੇਤ ਨਹੀਂ ਹੈ। ਸੂਤਰਾਂ ਨੇ ਦੱਸਿਆ ਕਿ ਸੱਦਾ ਪੱਤਰ ਤੈਅ ਪ੍ਰਕਿਰਿਆ ਦੇ ਤਹਿਤ ਭੇਜੇ ਗਏ ਸਨ। ਜੇਕਰ ਸੱਦਾ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ 2011 ‘ਚ ਹਿਨਾ ਰਬਾਨੀ ਖਾਰ ਤੋਂ ਬਾਅਦ ਕਿਸੇ ਪਾਕਿਸਤਾਨੀ ਵਿਦੇਸ਼ ਮੰਤਰੀ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਖਾਰ ਇਸ ਸਮੇਂ ਵਿਦੇਸ਼ ਰਾਜ ਮੰਤਰੀ ਹਨ। ਭੁੱਟੋ ਜ਼ਰਦਾਰੀ ਨੂੰ ਇਹ ਸੱਦਾ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੱਲੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲੀ ਗੱਲਬਾਤ ਦੀ ਪੇਸ਼ਕਸ਼ ਦੇ ਕੁਝ ਦਿਨ ਬਾਅਦ ਭੇਜਿਆ ਗਿਆ ਸੀ।