ਚੰਡੀਗੜ੍ਹ, 25 ਅਕਤੂਬਰ 2024: Olaf Scholz India Visit: ਭਾਰਤ ‘ਚ 12 ਸਾਲ ਬਾਅਦ ਏਸ਼ੀਆ-ਪੈਸੇਫਿਕ ਕਾਨਫਰੰਸ ਆਫ ਜਰਮਨ ਬਿਜਨਸ 2024 ਕਰਵਾਇਆ ਜਾ ਰਿਹਾ ਹੈ | ਇਸਦੇ ਚੱਲਦੇ ਜਰਮਨੀ (Germany) ਦੇ ਚਾਂਸਲਰ ਓਲਾਫ ਸਕੋਲਜ਼ ਨਵੀਂ ਦਿੱਲੀ ਵਿਖੇ ਭਾਰਤ ਅਤੇ ਜਰਮਨੀ ਦਰਮਿਆਨ 7ਵੀਂ ਅੰਤਰ-ਸਰਕਾਰੀ ਸਲਾਹ-ਮਸ਼ਵਰੇ (IGC) ‘ਚ ਸ਼ਾਮਲ ਹੋਣ ਲਈ ਭਾਰਤ ਪੁੱਜੇ ਹਨ।
ਜਰਮਨੀ ਦੇ ਚਾਂਸਲਰ ਨੇ ਹੈਦਰਾਬਾਦ ਹਾਊਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਪੀਐਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਜਰਮਨੀ ਦੇ ਚਾਂਸਲਰ ਨੇ ਸੋਸ਼ਲ ਮੀਡੀਆ ‘ਤੇ ਹਿੰਦੀ ‘ਚ ਪੋਸਟ ਸਾਂਝੀ ਕੀਤੀ ਹੈ। ਇਸਦੇ ਨਾਲ ਹੀ ਜਰਮਨ ਚਾਂਸਲਰ ਨੇ ਸ਼ਾਨਦਾਰ ਸਵਾਗਤ ਲਈ ਧੰਨਵਾਦ ਕੀਤਾ ਹੈ ।
ਇਸ ਦੌਰਾਨ ਓਲਾਫ ਸਕੋਲਜ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸ਼ੀਆ-ਪੈਸੇਫਿਕ ਕਾਨਫਰੰਸ ਆਫ ਜਰਮਨ ਬਿਜਨਸ 2024 ਦਾ ਉਦਘਾਟਨ ਕੀਤਾ ਹੈ | ਇਸਤੋਂ ਬਾਅਦ ਚਾਂਸਲਰ ਨੇ ਪੀਐਮ ਮੋਦੀ ਦੇ ਨਾਲ ਇਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ।
ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ “ਅੱਜ ਦਾ ਦਿਨ ਬਹੁਤ ਖਾਸ ਹੈ, ਮੇਰੇ ਦੋਸਤ ਚਾਂਸਲਰ ਸਕੋਲਜ਼ ਚੌਥੀ ਵਾਰ ਭਾਰਤ ਆਏ ਹਨ। ਉਨ੍ਹਾਂ ਦਾ ਇੱਥੇ ਆਉਣਾ ਭਾਰਤ-ਜਰਮਨੀ ਸਬੰਧਾਂ ‘ਤੇ ਉਨ੍ਹਾਂ ਦਾ ਧਿਆਨ ਦਿਖਾਉਂਦਾ ਹੈ। ਇੱਕ ਪਾਸੇ ਇੱਥੇ ਸੀ.ਈ.ਓਜ਼ ਦੇ ਫੋਰਮ ਦੀ ਮੀਟਿੰਗ ਹੋ ਰਹੀ ਹੈ, ਦੂਜੇ ਪਾਸੇ ਸਾਡੀ ਜਲ ਫੌਜਾਂ ਮਿਲ ਕੇ ਅਭਿਆਸ ਕਰ ਰਹੀ ਹੈ। ਭਾਰਤ ਅਤੇ ਜਰਮਨੀ ਵਿਚਕਾਰ ਛੇਤੀ ਹੀ ਸੱਤਵਾਂ ਅੰਤਰ-ਸਰਕਾਰੀ ਸਲਾਹ-ਮਸ਼ਵਰਾ ਵੀ ਸਮਾਗਮ ਕੀਤਾ ਜਾਣਾ ਹੈ।
ਇਸ ਮੌਕੇ ਜਰਮਨ ਦੇ ਚਾਂਸਲਰ ਓਲਾਫ ਸਕੋਲਜ਼ ਨੇ ਕਿਹਾ, “ਇਹ ਸਪੱਸ਼ਟ ਹੈ ਕਿ ਸਾਨੂੰ ਹੋਰ ਸਹਿਯੋਗ ਦੀ ਲੋੜ ਹੈ। ਵਿਸ਼ਵੀਕਰਨ ਸਾਰੇ ਦੇਸ਼ਾਂ ਲਈ ਸਫ਼ਲਤਾ ਦੀ ਕਹਾਣੀ ਹੈ। ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਦੇ ਕਈ ਦੇਸ਼ ਇਸ ਦੀਆਂ ਉਦਾਹਰਣਾਂ ਹਨ।”
ਜਿਕਰਯੋਗ ਹੈ ਕਿ ਭਾਰਤ ਅਤੇ ਜਰਮਨੀ (Germany) ਦੇ ਕੂਟਨੀਤਕ ਸਬੰਧ ਲਗਭਗ 7 ਦਹਾਕੇ ਪੁਰਾਣੇ ਹਨ। ਭਾਰਤ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਨਾਲ ਕੂਟਨੀਤਕ ਸਬੰਧ ਬਣਾਉਂਣ ਵਾਲੇ ਪਹਿਲੇ ਦੇਸ਼ਾਂ ‘ਚੋਂ ਇੱਕ ਸੀ। ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਭਾਈਵਾਲੀ ਮਈ 2000 ‘ਚ ਸ਼ੁਰੂ ਹੋਈ ਸੀ, ਜਿਸ ਨੂੰ 2011 ਵਿੱਚ ‘ਅੰਤਰ-ਸਰਕਾਰੀ ਸਲਾਹ-ਮਸ਼ਵਰੇ’ (intergovernmental consultations) ਦੀ ਸ਼ੁਰੂਆਤ ਨਾਲ ਮਜ਼ਬੂਤੀ ਮਿਲੀ ਸੀ। ਭਾਰਤ ਉਨ੍ਹਾਂ ਕੁਝ ਦੇਸ਼ਾਂ ‘ਚੋਂ ਇੱਕ ਹੈ ਜਿਨ੍ਹਾਂ ਨਾਲ ਜਰਮਨੀ ਨੇ ਗੱਲਬਾਤ ਦੀ ਵਿਧੀ ਸਥਾਪਤ ਕੀਤੀ ਹੈ।
ਭਾਰਤ ਅਤੇ ਜਰਮਨੀ ਨੇ ਸਾਲ 2000 ‘ਚ ਮਜ਼ਬੂਤ ਰਣਨੀਤਕ ਅਤੇ ਵਪਾਰਕ ਸਬੰਧਾਂ ਦੀ ਸ਼ੁਰੂਆਤ ਕੀਤੀ ਸੀ | ਪ੍ਰਧਾਨ ਮੰਤਰੀ ਮੋਦੀ ਨੇ 202’ਚ 26 ਤੋਂ 28 ਜੂਨ ਦਰਮਿਆਨ ਜਰਮਨੀ ਦਾ ਦੌਰਾ ਕਰ ਚੁੱਕੇ ਹਨ। ਉਨ੍ਹਾਂ ਨੇ ਬਰਲਿਨ ‘ਚ ਛੇਵੇਂ ‘ਅੰਤਰ-ਸਰਕਾਰੀ ਸਲਾਹ-ਮਸ਼ਵਰੇ’ ‘ਚ ਹਿੱਸਾ ਲਿਆ ਅਤੇ ਪ੍ਰਧਾਨ ਮੰਤਰੀ ਨੇ ਜਰਮਨੀ ਦੀ ਪ੍ਰਧਾਨਗੀ ‘ਚ ਹੋਏ G7 ਸੰਮੇਲਨ ‘ਚ ਵੀ ਹਿੱਸਾ ਲੈ ਚੁੱਕੇ ਹਨ ਅਤੇ ਨਵੰਬਰ 2022 ‘ਚ ਬਾਲੀ ਵਿੱਚ ਹੋਏ ਜੀ-20 ਸਿਖਰ ਸੰਮੇਲਨ ਦੌਰਾਨ ਜਰਮਨ ਚਾਂਸਲਰ ਨਾਲ ਦੁਵੱਲੀ ਗੱਲਬਾਤ ਕੀਤੀ ਸੀ ।
ਇਸ ਫੇਰੀ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਆਪਣੀ ਭਾਰਤ ਫੇਰੀ ਰਾਹੀਂ ਨਾ ਸਿਰਫ਼ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਸਗੋਂ ਚੀਨ ਦਾ ਬਦਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |
ਦਰਅਸਲ, ਦੱਖਣੀ ਚੀਨ ਸਾਗਰ, ਤਾਈਵਾਨ ਅਤੇ ਫਿਲੀਪੀਨਜ਼ ਨਾਲ ਖੇਤਰੀ ਤਣਾਅ ਦੇ ਮੁੱਦੇ ਨੂੰ ਲੈ ਕੇ ਜਰਮਨੀ ਨੇ ਆਪਣੀਆਂ ਕੁਝ ਚਿੰਤਾਵਾਂ ਜ਼ਾਹਿਰ ਕੀਤੀਆਂ ਹਨ। ਅਜਿਹੇ ‘ਚ ਏਸ਼ੀਆ-ਪ੍ਰਸ਼ਾਂਤ ਖੇਤਰ ‘ਚ ਸਥਿਰਤਾ ਲਈ ਭਾਰਤ ਤੋਂ ਬਿਹਤਰ ਰਣਨੀਤਕ ਭਾਈਵਾਲ ਨਹੀਂ ਹੋ ਸਕਦਾ।
ਜਰਮਨੀ (Germany) ਨੇ ‘ਫੋਕਸ ਆਨ ਇੰਡੀਆ’ ਤਹਿਤ ਕਈ ਖੇਤਰਾਂ ‘ਚ ਭਾਰਤ ਨਾਲ ਸਹਿਯੋਗ ਨੂੰ ਵਧਾਉਣ ਲਈ ਇੱਕ ਰੋਡਮੈਪ ਤਿਆਰ ਕੀਤਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ‘ਤੇ ਧਿਆਨ ਕੇਂਦ੍ਰਿਤ ਕਰਕੇ ਉਹ ਇਸ ਦੇ ਵੱਡੇ ਬਾਜ਼ਾਰ ‘ਤੇ ਆਪਣੀ ਪਕੜ ਮਜ਼ਬੂਤ ਕਰ ਸਕਦੇ ਹਨ ਅਤੇ ਚੀਨ ‘ਤੇ ਆਪਣੀ ਨਿਰਭਰਤਾ ਘੱਟ ਕਰਨਗੇ।
ਮੰਨਿਆ ਜਾ ਰਿਹਾ ਹੈ ਕਿ ਜਰਮਨੀ ਭਾਰਤ ‘ਚ ਨਿਰਮਾਣ ਨੂੰ ਵਧਾਉਣ ਜਾ ਰਿਹਾ ਹੈ, ਇਸ ਦੇ ਤਹਿਤ ਆਉਣ ਵਾਲੇ ਸਾਲ ‘ਚ ਜਰਮਨੀ ਦੀਆਂ 51 ਫੀਸਦੀ ਕੰਪਨੀਆਂ ਆਪਣਾ ਨਿਵੇਸ਼ ਵਧਾਉਣਗੀਆਂ। ਉਮੀਦ ਹੈ ਕਿ ਜਰਮਨ ਕੰਪਨੀਆਂ ਅਗਲੇ 6 ਸਾਲਾਂ ‘ਚ ਭਾਰਤ ‘ਚ ਕਰੀਬ 4.5 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀਆਂ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਮੌਜੂਦਾ ਨਿਵੇਸ਼ ਨਾਲੋਂ ਦੁੱਗਣਾ ਵਧ ਜਾਵੇਗਾ।