ਚੰਡੀਗੜ, 18 ਨਵੰਬਰ 2023: ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਯੋਗ (Yoga) ਭਾਰਤ ਵੱਲੋਂ ਸਮੁੱਚੀ ਮਨੁੱਖਤਾ ਲਈ ਇੱਕ ਅਨਮੋਲ ਤੋਹਫਾ ਹੈ। ਯੋਗਾ ਇੱਕ ਸਿਹਤਮੰਦ ਜੀਵਨ ਅਤੇ ਮਨ ਅਤੇ ਸਰੀਰ ਵਿੱਚ ਸੰਪੂਰਨ ਸੰਤੁਲਨ ਦੀ ਕੁੰਜੀ ਹੈ। ਵਿਕਾਸ ਤੇ ਪੰਚਾਇਤ ਮੰਤਰੀ ਨੇ ਸ਼ਨੀਵਾਰ ਨੂੰ ਟੋਹਾਣਾ ਯੋਗਾ ਦਿਵਿਆ ਮੰਦਿਰ ਵਿਖੇ ਕਰਵਾਏ 50ਵੇਂ ਸਲਾਨਾ ਯੋਗਾ ਮਹੋਤਸਵ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।
ਉਨ੍ਹਾਂ ਕਿਹਾ ਕਿ ਯੋਗ ਜੀਵਨ ਜਿਊਣ ਦਾ ਮਹਾਨ ਫਲਸਫਾ ਹੈ। ਯੋਗ ਵਿਅਕਤੀ ਦੇ ਸਰੀਰ, ਮਨ, ਭਾਵਨਾਵਾਂ ਅਤੇ ਊਰਜਾ ਅਨੁਸਾਰ ਪ੍ਰਭਾਵ ਪਾਉਂਦਾ ਹੈ ਅਤੇ ਵਿਅਕਤੀ ਅਧਿਆਤਮਿਕ ਹੋ ਕੇ ਪਰਮਾਤਮਾ ਨਾਲ ਜੁੜ ਜਾਂਦਾ ਹੈ। ਯੋਗ ਅਨੁਸ਼ਾਸਨ, ਸਮਰਪਣ ਹੈ, ਅਤੇ ਜੀਵਨ ਭਰ ਇਸਦਾ ਪਾਲਣ ਕਰਨਾ ਚਾਹੀਦਾ ਹੈ। ਯੋਗ (Yoga) ਉਮਰ, ਰੰਗ, ਜਾਤ, ਸੰਪਰਦਾ, ਧਰਮ, ਅਮੀਰੀ, ਗਰੀਬੀ, ਪ੍ਰਾਂਤ ਅਤੇ ਸਰਹੱਦ ਦੇ ਭੇਦ ਤੋਂ ਪਰੇ ਹੈ।
ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਯੋਗ ਸਾਡੀ ਪ੍ਰਾਚੀਨ ਪਰੰਪਰਾ ਅਤੇ ਸੱਭਿਆਚਾਰ ਦੀ ਵਿਰਾਸਤ ਹੈ ਅਤੇ ਇਹ ਮਨ ਅਤੇ ਸਰੀਰ ਦੀ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਯੋਗਾ ਦਿਵਿਆ ਮੰਦਰ ਵਿੱਚ ਰੋਜ਼ਾਨਾ ਯੋਗਾ ਦਾ ਅਭਿਆਸ ਕੀਤਾ ਜਾਂਦਾ ਹੈ। ਜੇਕਰ ਅਸੀਂ ਯੋਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੇ ਹਾਂ ਤਾਂ ਅਸੀਂ ਬੀਮਾਰ ਨਹੀਂ ਹੋ ਸਕਦੇ। ਸਿਹਤਮੰਦ ਜੀਵਨ ਜਿਊਣ ਲਈ ਸਰੀਰ, ਮਨ ਅਤੇ ਆਤਮਾ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ।