ਵਿਦੇਸ਼, 22 ਦਸੰਬਰ 2025: India and New Zealand Free Trade agreement: ਭਾਰਤ ਅਤੇ ਨਿਊਜ਼ੀਲੈਂਡ ਨੇ ਸੋਮਵਾਰ ਨੂੰ ਇੱਕ ਮੁਕਤ ਵਪਾਰ ਸਮਝੌਤੇ (FTA) ਲਈ ਗੱਲਬਾਤ ਨੂੰ ਅੰਤਿਮ ਰੂਪ ਦੇਣ ਦਾ ਐਲਾਨ ਕੀਤਾ ਹੈ। ਇਸ ਸਮਝੌਤੇ ਦਾ ਉਦੇਸ਼ ਵਸਤੂਆਂ ਅਤੇ ਨਿਵੇਸ਼ ‘ਚ ਦੁਵੱਲੇ ਵਪਾਰ ਨੂੰ ਵਧਾਉਣਾ ਹੈ। ਸਮਝੌਤੇ ‘ਤੇ ਗੱਲਬਾਤ ਮਈ ‘ਚ ਸ਼ੁਰੂ ਹੋਈ।
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ FTA ਦੇ ਤਹਿਤ ਭਾਰਤ ਨੂੰ ਨਿਊਜ਼ੀਲੈਂਡ ਦੇ ਲਗਭੱਗ 95 ਫੀਸਦੀ ਨਿਰਯਾਤ ‘ਤੇ ਟੈਰਿਫ ਘਟਾ ਦਿੱਤੇ ਗਏ ਹਨ ਜਾਂ ਖਤਮ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਨਿਊਜ਼ੀਲੈਂਡ ਦਾ ਨਿਰਯਾਤ ਅਗਲੇ ਦੋ ਦਹਾਕਿਆਂ ‘ਚ ਪ੍ਰਤੀ ਸਾਲ $1.1 ਅਰਬ ਡਾਲਰ ਤੋਂ ਵੱਧ ਕੇ $1.3 ਅਰਬ ਡਾਲਰ ਹੋ ਸਕਦਾ ਹੈ।
ਲਕਸਨ ਨੇ ਕਿਹਾ ਕਿ ਉਨ੍ਹਾਂ ਨੇ FTA ਦੇ ਸਮਾਪਤ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਦੋਸਤੀ ‘ਤੇ ਆਧਾਰਿਤ ਹੈ ਅਤੇ ਨਿਊਜ਼ੀਲੈਂਡ ਦੇ ਕਾਰੋਬਾਰਾਂ ਨੂੰ ਭਾਰਤ ਦੇ 1.4 ਅਰਬ ਖਪਤਕਾਰਾਂ ਤੱਕ ਪਹੁੰਚ ਦੇਵੇਗਾ, ਜੋ ਕਿ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ‘ਚੋਂ ਇੱਕ ਹੈ।
ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ 2010 ‘ਚ ਸ਼ੁਰੂ ਹੋਈ ਸੀ, ਫਿਰ ਨੌਂ ਦੌਰਾਂ ਤੋਂ ਬਾਅਦ 2015 ‘ਚ ਰੁਕ ਗਈ, ਅਤੇ ਇਸ ਸਾਲ ਦੁਬਾਰਾ ਸ਼ੁਰੂ ਕੀਤੀ ਗਈ। ਗੱਲਬਾਤ ਦਾ ਪਹਿਲਾ ਦੌਰ ਇਸ ਸਾਲ 5 ਤੋਂ 9 ਮਈ ਤੱਕ ਚੱਲਿਆ।
ਵਿੱਤੀ ਸਾਲ 2025 ‘ਚ ਦੁਵੱਲਾ ਵਪਾਰ ਲਗਭਗ $1.3 ਅਰਬ ਡਾਲਰ ਸੀ (ਭਾਰਤ ਦਾ ਨਿਰਯਾਤ $711.1 ਮਿਲੀਅਨ ਡਾਲਰ ਅਤੇ ਆਯਾਤ $587.1 ਮਿਲੀਅਨ ਡਾਲਰ ਸੀ)। ਨਿਊਜ਼ੀਲੈਂਡ ਦਾ ਔਸਤ ਆਯਾਤ ਟੈਰਿਫ ਸਿਰਫ 2.3 ਫੀਸਦੀ ਹੈ, ਜਦੋਂ ਕਿ ਭਾਰਤ ਦਾ 17.8 ਫੀਸਦੀ ਹੈ, ਅਤੇ ਨਿਊਜ਼ੀਲੈਂਡ ਦੀਆਂ ਟੈਰਿਫ ਲਾਈਨਾਂ ਦਾ 58.3 ਫੀਸਦੀ ਪਹਿਲਾਂ ਹੀ ਡਿਊਟੀ-ਮੁਕਤ ਹੈ।
ਭਾਰਤ ਦਾ ਨਿਊਜ਼ੀਲੈਂਡ ਨੂੰ ਨਿਰਯਾਤ ਮੁੱਖ ਤੌਰ ‘ਤੇ ਬਾਲਣ, ਟੈਕਸਟਾਈਲ ਅਤੇ ਫਾਰਮਾਸਿਊਟੀਕਲ ‘ਤੇ ਕੇਂਦ੍ਰਿਤ ਹੈ। ਏਵੀਏਸ਼ਨ ਟਰਬਾਈਨ ਫਿਊਲ (ATF) $110.8 ਮਿਲੀਅਨ ਡਾਲਰ ਦੇ ਨਾਲ ਸਭ ਤੋਂ ਅੱਗੇ ਹੈ, ਇਸ ਤੋਂ ਬਾਅਦ ਕੱਪੜੇ ਅਤੇ ਘਰੇਲੂ ਟੈਕਸਟਾਈਲ ($95.8 ਮਿਲੀਅਨ ਡਾਲਰ ) ਅਤੇ ਫਾਰਮਾਸਿਊਟੀਕਲ ($57.5 ਮਿਲੀਅਨ ਡਾਲਰ) ਹਨ। ਮਸ਼ੀਨਰੀ, ਪੈਟਰੋਲੀਅਮ ਉਤਪਾਦ, ਆਟੋਮੋਬਾਈਲ ਅਤੇ ਪਾਰਟਸ, ਇਲੈਕਟ੍ਰਾਨਿਕਸ, ਲੋਹਾ ਅਤੇ ਸਟੀਲ, ਝੀਂਗਾ, ਬਾਸਮਤੀ ਚੌਲ ਅਤੇ ਸੋਨੇ ਦੇ ਗਹਿਣੇ ਵੀ ਪ੍ਰਮੁੱਖ ਨਿਰਯਾਤ ਸਨ।
ਇਸਦੇ ਉਲਟ, ਭਾਰਤ ਨੂੰ ਨਿਊਜ਼ੀਲੈਂਡ ਦਾ ਨਿਰਯਾਤ ਕੱਚੇ ਮਾਲ ਅਤੇ ਖੇਤੀਬਾੜੀ ਇਨਪੁਟਸ ‘ਤੇ ਅਧਾਰਤ ਹੈ, ਜਿਸ ‘ਚ ਲੱਕੜ ਅਤੇ ਲੱਕੜ ਦੇ ਉਤਪਾਦ, ਲੱਕੜ ਦਾ ਮਿੱਝ, ਸਟੀਲ ਅਤੇ ਐਲੂਮੀਨੀਅਮ ਸਕ੍ਰੈਪ, ਕੋਕਿੰਗ ਕੋਲਾ, ਟਰਬੋਜੈੱਟ ਜਹਾਜ਼, ਉੱਨ, ਦੁੱਧ ਐਲਬਿਊਮਿਨ, ਸੇਬ ਅਤੇ ਕੀਵੀ ਫਲ ਪ੍ਰਮੁੱਖ ਹਨ।
Read More: India & Oman Trade: ਭਾਰਤ ਤੇ ਓਮਾਨ ਨੇ ਮੁਕਤ ਵਪਾਰ ਸਮਝੌਤੇ ‘ਤੇ ਕੀਤੇ ਹਸਤਾਖਰ




