July 2, 2024 8:22 pm
Nitish Kumar

ਇੰਡੀਆ ਗਠਜੋੜ ਨੇ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਫਾਇਦਾ ਨਹੀਂ ਹੋਇਆ: CM ਨਿਤੀਸ਼ ਕੁਮਾਰ

ਚੰਡੀਗੜ੍ਹ, 17 ਜਨਵਰੀ 2024: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (Nitish Kumar) ਰਾਸ਼ਟਰੀ ਜਮਹੂਰੀ ਗਠਜੋੜ ‘ਚ ਸ਼ਾਮਲ ਹੋਏ ਹਨ, ਉਦੋਂ ਤੋਂ ਹੀ ਉਹ ਲਗਾਤਾਰ ਇੰਡੀਆ ਗਠਜੋੜ ‘ਤੇ ਹਮਲੇ ਕਰ ਰਹੇ ਹਨ। ਸ਼ਨੀਵਾਰ ਨੂੰ ਫਿਰ ਉਨ੍ਹਾਂ ਨੇ ਇੰਡੀਆਂ ਗੱਠਜੋੜ ਨੂੰ ਜਵਾਬ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਰਾਹੁਲ ਗਾਂਧੀ ‘ਤੇ ਵੀ ਨਿਸ਼ਾਨਾ ਸਾਧਿਆ ਹੈ । ਦਰਅਸਲ, ਮੀਡੀਆ ਨੇ ਨਿਤੀਸ਼ ਕੁਮਾਰ ਨੂੰ ਸਵਾਲ ਪੁੱਛਿਆ ਸੀ ਕਿ ਤੁਹਾਡੇ ਵੱਲੋਂ ਇੰਡੀਆ ਗਠਜੋੜ ਤੋਂ ਵੱਖ ਹੋਣ ਤੋਂ ਬਾਅਦ ਕਈ ਹੋਰ ਪਾਰਟੀਆਂ ਵੀ ਇਸ ਗਠਜੋੜ ਨੂੰ ਛੱਡ ਰਹੀਆਂ ਹਨ।

ਇਸ ‘ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ (Nitish Kumar) ਨੇ ਕਿਹਾ ਕਿ ਅਸੀਂ ਵੱਖ ਹੋ ਗਏ ਹਾਂ, ਮੈਨੂੰ ਨਹੀਂ ਪਤਾ ਕਿ ਬਾਕੀ ਪਾਰਟੀਆਂ ਕੀ ਕਰ ਰਹੀਆਂ ਹਨ। ਅਸੀਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਹੁਣ ਅਸੀਂ ਉਨ੍ਹਾਂ ਤੋਂ ਵੱਖ ਹੋ ਗਏ ਹਾਂ। ਨਿਤੀਸ਼ ਕੁਮਾਰ ਨੇ ਇਹ ਵੀ ਕਿਹਾ ਕਿ ਅਸੀਂ ਇਸ ਗਠਜੋੜ ਲਈ ਕੋਈ ਹੋਰ ਨਾਂ ਸੁਝਾਇਆ ਸੀ ਪਰ ਉਨ੍ਹਾਂ ਨੇ ਇਹ ਨਾਂ ਆਪਣੇ ਪਾਸਿਓਂ ਹੀ ਰੱਖਿਆ। ਉਹ ਲੋਕ ਕੀ ਕਰਦੇ ਹਨ, ਹੁਣ ਓਹੀ ਜਾਣਦੇ ਹਨ ।

ਔਰੰਗਾਬਾਦ ਅਤੇ ਰੋਹਤਾਸ ਵਿੱਚ ਭਾਰਤ ਛੱਡੋ ਇਨਸਾਫ਼ ਮਾਰਚ ਦੌਰਾਨ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨਾਂ ਦੇ ਸਵਾਲ ‘ਤੇ ਸੀਐਮ ਨਿਤੀਸ਼ ਕੁਮਾਰ ਨੇ ਕਿਹਾ ਕਿ ਉਹ ਜੋ ਕਹਿਣਾ ਚਾਹੁੰਦੇ ਹਨ, ਕਹਿੰਦੇ ਰਹਿਣ, ਇਸ ਦਾ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਨਿਤੀਸ਼ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਉਹ ਮੀਡੀਆ ‘ਚ ਬਣੇ ਰਹਿਣ ਲਈ ਕੁਝ ਵੀ ਕਹਿੰਦੇ ਹਨ। ਅਸੀਂ ਬਿਹਾਰ ਵਿੱਚ ਜਾਤੀ ਅਧਾਰਤ ਮਰਦਮਸ਼ੁਮਾਰੀ ਕਰਵਾਈ ਹੈ ਅਤੇ ਇਸ ਦੀ ਚਰਚਾ ਨਹੀਂ ਕੀਤੀ। ਸਾਡੇ ਕੰਮਾਂ ਬਾਰੇ ਕੁਝ ਨਾ ਕਹੋ।